ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਹੋਏ ਮੰਥਨ ਦੌਰਾਨ ਪਾਰਟੀ ਦੇ ਪੰਜਾਬ ਫਾਰਮੂਲੇ ਤੋਂ ਨਾਰਾਜ਼ ਆਗੂਆਂ ਨੇ ਬਗ਼ਾਵਤੀ ਰੌਂਅ ’ਚ ਅੱਜ ਕਾਂਗਰਸ ਹਾਈਕਮਾਂਡ ਨੂੰ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਚੰਨੀ ਨੇ ਆਪਣੀ ਰਿਹਾਇਸ਼ ’ਤੇ ਤਾਕਤ ਦਾ ਵਿਖਾਵਾ ਕਰ ਕੇ ਹਾਈਕਮਾਂਡ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਨਾਰਾਜ਼ ਆਗੂਆਂ ਨੇ ਲੰਮੇ ਸਿਆਸੀ ਮੰਥਨ ਮਗਰੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹਾਈਕਮਾਂਡ ਨੂੰ ਹਫ਼ਤੇ ਅੰਦਰ ਮਸਲੇ ਨੂੰ ਨਜਿੱਠਣ ਦੀ ਚਿਤਾਵਨੀ ਦਿੱਤੀ ਹੈ।

ਮੋਰਿੰਡਾ ਮੰਥਨ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਕੇਂਦਰੀ ਲੀਡਰਸ਼ਿਪ ਅੱਗੇ ਰੱਖਣ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਹ ਕਮੇਟੀ ਹਾਈਕਮਾਂਡ ਨੂੰ ਮਿਲੇਗੀ। ਮੀਟਿੰਗ ’ਚ ਚੰਨੀ ਨੂੰ ਭਵਿੱਖੀ ਰਣਨੀਤੀ ਤੈਅ ਕਰਨ ਦੇ ਵੀ ਅਧਿਕਾਰ ਦਿੱਤੇ ਗਏ। ਚੰਨੀ ਨੇ ਅੱਜ ਦੀ ਮੀਟਿੰਗ ਤੋਂ ਪਹਿਲਾਂ ਤੇ ਮਗਰੋਂ ਖ਼ੁਦ ਪੂਰੇ ਮਾਹੌਲ ’ਤੇ ਖ਼ਾਮੋਸ਼ ਰਹਿਣ ਦਾ ਪੈਂਤੜਾ ਲਿਆ। ਮੀਟਿੰਗ ਵਿੱਚ ਲਏ ਫ਼ੈਸਲੇ ਇਸ਼ਾਰਾ ਹਨ ਕਿ ਫ਼ਿਲਹਾਲ ਨਾਰਾਜ਼ ਆਗੂ ਹਾਈਕਮਾਂਡ ਖ਼ਿਲਾਫ਼ ਕੋਈ ਖੁੱਲ੍ਹੀ ਬਗ਼ਾਵਤ ਨਹੀਂ ਕਰਨਾ ਚਾਹੁੰਦੇ।

ਕਾਂਗਰਸੀ ਆਗੂ ਰਾਹੁਲ ਗਾਂਧੀ 7 ਜੁਲਾਈ ਨੂੰ ਵਿਦੇਸ਼ ਤੋਂ ਪਰਤ ਰਹੇ ਹਨ ਅਤੇ ਉਸ ਮਗਰੋਂ ਹੀ ਅਗਲਾ ਫ਼ੈਸਲਾ ਹੋ ਸਕਦਾ ਹੈ। ਅੱਜ ਦਾ ਇਕੱਠ ਪੰਜਾਬ ਫਾਰਮੂਲੇ ’ਤੇ ਮੁੜ ਵਿਚਾਰ ਚਾਹੁੰਦਾ ਹੈ। ਬਹੁਤੇ ਆਗੂਆਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਬਣੇ ਰਹਿਣ ’ਤੇ ਇਤਰਾਜ਼ ਹੈ। ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਪੁਨਰਗਠਨ ਮੌਕੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ’ਚ ਕਰੀਬ ਦੋ ਦਰਜਨ ਮੌਜੂਦਾ ਅਤੇ ਸਾਬਕਾ ਵਿਧਾਇਕ ਪੁੱਜੇ; ਸਾਬਕਾ ਮੰਤਰੀ ਪਰਗਟ ਸਿੰਘ, ਸਾਬਕਾ ਸਪੀਕਰ ਕੇ ਪੀ ਰਾਣਾ, ਸੁਖਪਾਲ ਸਿੰਘ ਖਹਿਰਾ ਆਦਿ ਨੇ ਇਸ ਇਕੱਠ ਤੋਂ ਦੂਰੀ ਬਣਾਈ ਰੱਖੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੀਟਿੰਗ ’ਚ ਪੁੱਜੇ ਜੋ ਕਿਸੇ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਹੇ ਹਨ। ਹੋਰਨਾਂ ਪ੍ਰਮੁੱਖ ਆਗੂਆਂ ’ਚ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਮੁਹੰਮਦ ਸਦੀਕ, ਓ ਪੀ ਸੋਨੀ, ਗੁਰਪ੍ਰੀਤ ਸਿੰਘ ਕਾਂਗੜ ਆਦਿ ਹਾਜ਼ਰ ਸਨ। ਚੰਨੀ ਦੇ ਸੱਦੇ ’ਤੇ ਮੋਰਿੰਡਾ ’ਚ ਅੱਜ ਛੇ ਮੌਜੂਦਾ ਵਿਧਾਇਕ, ਇੱਕ ਸਾਬਕਾ ਸੰਸਦ ਮੈਂਬਰ ਅਤੇ ਦੋ ਦਰਜਨ ਹੋਰ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਪਹੁੰਚੇ।

ਕਾਂਗਰਸ ਹਾਈਕਮਾਂਡ ਵੱਲੋਂ ਤਿਆਰ ਪੰਜਾਬ ਫਾਰਮੂਲੇ ਨੇ ਸੂਬਾਈ ਕਾਂਗਰਸ ਅੰਦਰ ਬੇਚੈਨੀ ਪੈਦਾ ਕਰ ਦਿੱਤੀ ਹੈ। ਫਾਰਮੂਲੇ ਤਹਿਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ ਹੈ। ਚਾਰ ਨਵੀਆਂ ਕਮੇਟੀਆਂ ਦਾ ਗਠਨ ਕਰ ਕੇ ਅਗਾਮੀ ਚੋਣਾਂ ਲਈ ਪੰਜਾਬ ਕਾਂਗਰਸ ਦੇ ਸਭ ਧੜਿਆਂ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਚਰਨਜੀਤ ਚੰਨੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਮਜ਼ਬੂਤ ਦਾਅਵੇਦਾਰ ਸਨ ਪਰ ਹਾਈਕਮਾਂਡ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਪੁਨਰਗਠਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਹੋਵੇ: ਬਾਜਵਾ

ਸੀਨੀਅਰ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਪੰਜਾਬ ਕਾਂਗਰਸ ’ਚ ਕੀਤੇ ਗਏ ਪੁਨਰਗਠਨ ’ਤੇ ਮੁੜ ਵਿਚਾਰ ਕੀਤਾ ਜਾਵੇ। ਹਾਈਕਮਾਂਡ ਵੱਲੋਂ ਜਾਰੀ ਨਵੀਂ ਸੂਚੀ ਮਗਰੋਂ ਪੰਜਾਬ ਦੇ ਲੋਕ ਮਾਯੂਸ ਹਨ ਕਿਉਂਂਕਿ ਉਨ੍ਹਾਂ ਦੀ ਆਸ ਮੁਤਾਬਕ ਨਵੀਂ ਸੂਚੀ ਜਾਰੀ ਨਹੀਂ ਹੋਈ। ਅੱਜ ਦੇ ਮੰਥਨ ਦੌਰਾਨ ਸਾਰਿਆਂ ਨੇ ਚੰਨੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਕਾਂਗਰਸ ਹਾਈਕਮਾਂਡ ਤੋਂ ਸਮਾਂ ਲੈਣ ਤਾਂ ਜੋ ਕੁੱਝ ਗੱਲਾਂ ਬਾਰੇ ਹਾਈਕਮਾਂਡ ਨੂੰ ਖੁੱਲ੍ਹ ਕੇ ਜਾਣੂ ਕਰਾਇਆ ਜਾ ਸਕੇ।

ਸੁਖਜਿੰਦਰ ਰੰਧਾਵਾ ਅਮਿਤ ਸ਼ਾਹ ਨੂੰ ਮਿਲੇ

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਰਮਿਆਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ; ਰੰਧਾਵਾ ਨੇ ਹਾਲਾਂਕਿ ਸਪਸ਼ਟ ਕੀਤਾ ਕਿ ਇਹ ਮੁਲਾਕਾਤ ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਅਤੇ ਵਿਗੜਦੀ ਕਾਨੂੰਨ-ਵਿਵਸਥਾ ਬਾਰੇ ਸੀ। ਉਹ ਪਹਿਲਾਂ ਵੀ ਇਸ ਗੰਭੀਰ ਮਾਮਲੇ ਬਾਰੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਚੁੱਕੇ ਹਨ ਅਤੇ ਅੱਜ ਉਸੇ ਸਬੰਧ ਵਿੱਚ ਵਿਸਥਾਰਤ ਚਰਚਾ ਕੀਤੀ ਹੈ। ਰੰਧਾਵਾ ਨੇ ਚੰਨੀ ਵੱਲੋਂ ਸੱਦੀ ਮੀਟਿੰਗ ’ਤੇ ਕੋਈ ਸਿੱਧੀ ਟਿੱਪਣੀ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਮੀਟਿੰਗ ਦੇ ਕਾਰਨਾਂ ਤੇ ਇਸ ਸਬੰਧੀ ਪਾਰਟੀ ਦੇ ਸਟੈਂਡ ਬਾਰੇ ਸਿਰਫ਼ ਚੰਨੀ ਹੀ ਸਪਸ਼ਟ ਕਰ ਸਕਦੇ ਹਨ।

ਨਾ ਕੋਈ ਨਵੀਂ ਪਾਰਟੀ ਬਣਾਵਾਂਗਾ ਤੇ ਨਾ ਕਿਤੇ ਹੋਰ ਜਾਵਾਂਗਾ: ਚੰਨੀ

ਮੋਰਿੰਡਾ (ਸੰਜੀਵ ਤੇਜਪਾਲ): ਸੰਸਦ ਮੈਂਬਰ ਚਰਨਜੀਤ ਚੰਨੀ ਨੇ ਸਿਆਸੀ ਅਟਕਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਨਾ ਤਾਂ ਕੋਈ ਨਵੀਂ ਪਾਰਟੀ ਬਣਾਉਣਗੇ ਅਤੇ ਨਾ ਕਿਸੇ ਹੋਰ ਪਾਰਟੀ ਵਿੱਚ ਜਾਣਗੇ। ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਕਾਂਗਰਸ ਵਿੱਚ ਰਹਿ ਕੇ ਹੀ ਪੰਜਾਬ ਦੇ ਲੋਕਾਂ ਤੇ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਅੱਜ ਦੀ ਬੰਦ ਕਮਰਾ ਮੀਟਿੰਗ ਵਿੱਚ ਕਿਸੇ ਨਵੀਂ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਸਾਰੇ ਆਗੂਆਂ ਨੇ ਕੇਵਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ ਅਤੇ ਪਾਰਟੀ ਦੇ ਪੁਨਰਗਠਨ ਬਾਰੇ ਲਏ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਨ।

Share: