ਵੜਿੰਗ ਦੀ ਪ੍ਰਧਾਨਗੀ ਬਰਕਰਾਰ; ਚੰਨੀ ਨੂੰ ਪ੍ਰਚਾਰ ਕਮੇਟੀ ਦੀ ਵਾਗਡੋਰ

ਵੜਿੰਗ ਦੀ ਪ੍ਰਧਾਨਗੀ ਬਰਕਰਾਰ; ਚੰਨੀ ਨੂੰ ਪ੍ਰਚਾਰ ਕਮੇਟੀ ਦੀ ਵਾਗਡੋਰ

ਚੰਡੀਗਡ਼੍ਹ : ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਪ੍ਰਮੁੱਖ ਕਮੇਟੀਆਂ ਦਾ ਐਲਾਨ ਕੀਤਾ ਹੈ। ਬੇਸ਼ੱਕ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਕੁਰਸੀ ਬਚਾਉਣ ’ਚ ਸਫਲ ਰਹੇ ਹਨ ਪਰ ਹੁਣ ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਨੂੰ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ, ਜੋ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਸਨ।

ਕਾਂਗਰਸ ਹਾਈ ਕਮਾਂਡ ਨੇ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਵਿਚਾਲੇ ਤਾਕਤ ਦਾ ਸੰਤੁਲਨ ਬਣਾਉਣ ਅਤੇ ਸੀਨੀਅਰ ਆਗੂਆਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਕੋਈ ਨਰਾਜ਼ਗੀ ਸਹੇੜਨ ਦੀ ਥਾਂ ਹਾਈ ਕਮਾਂਡ ਨੇ ਜਾਤੀ ਤੇ ਵਰਗਾਂ ’ਚ ਤਵਾਜ਼ਨ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਸਿਆਸੀ ਵਿਸ਼ਲੇਸਕਾਂ ਅਨੁਸਾਰ ਹਾਈ ਕਮਾਂਡ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ’ਚ ਕੀਤੇ ਬਦਲਾਅ ਵਾਲੀ ਗ਼ਲਤੀ ਦੁਹਰਾਉਣ ਤੋਂ ਗੁਰੇਜ਼ ਕੀਤਾ ਹੈ। ਪੰਜਾਬ ਕਾਂਗਰਸ ਦੇ ਪੁਨਰਗਠਨ ਨੂੰ ਸੰਤੁਲਿਤ ਅਤੇ ਰਣਨੀਤਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਕਿਸੇ ਵੀ ਸੀਨੀਅਰ ਆਗੂ ਨੂੰ ਸਿਆਸੀ ਤੌਰ ’ਤੇ ਨਿਹੱਥਾ ਕਰਨ ਤੋਂ ਪਾਸਾ ਵੱਟਿਆ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ। ਚੋਣ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਦਲਿਤ ਚਿਹਰੇ ਨੂੰ ਸੌਂਪੀ ਗਈ ਹੈ ਜਦੋਂ ਕਿ ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਡਾ ਧਰਮਵੀਰ ਗਾਂਧੀ ਨੂੰ ਲਾਇਆ ਗਿਆ ਹੈ।

ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੀ ਚੇਅਰਮੈਨੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਵਜੋਂ ਓ ਪੀ ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਨਿਯੁਕਤ ਕੀਤਾ ਗਿਆ ਹੈ। ਕੋਰ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਇਆ ਗਿਆ ਹੈ, ਜਦੋਂ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ ਅਮਰ ਸਿੰਘ ਹੋਣਗੇ। ਇਸ ਕਮੇਟੀ ’ਚ ਸਹਿ ਚੇਅਰਮੈਨ ਵਜੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਚੇਅਰਮੈਨਾਂ ਵਿੱਚ ਦੋ ਦਲਿਤ , ਇੱਕ ਹਿੰਦੂ ਤੇ ਇੱਕ ਜੱਟ ਸਿੱਖ ਭਾਈਚਾਰੇ ’ਚੋਂ ਹੈ। ਮੁਸਲਿਮ ਭਾਈਚਾਰੇ ਅਤੇ ਔਰਤਾਂ ’ਚੋਂ ਰਜ਼ੀਆ ਸੁਲਤਾਨਾ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਓ ਬੀ ਸੀਜ਼ ਨੂੰ ਵੀ ਪੁਨਰਗਠਨ ਮੌਕੇ ਕਮੇਟੀਆਂ ’ਚ ਥਾਂ ਦਿੱਤੀ ਗਈ ਹੈ।

ਚੇਤੇ ਰਹੇ ਕਿ ਕਾਂਗਰਸ ਹਾਈ ਕਮਾਂਡ ਨੇ ਨਵੇਂ ਢਾਂਚੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਇੱਕਜੁੱਟਤਾ ਅਤੇ ਟੀਮ ਵਰਕ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Share: