ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਾਂਤੀ ਦੀ ਅਪੀਲ

ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਾਂਤੀ ਦੀ ਅਪੀਲ

ਚੰਡੀਗੜ੍ਹ : ਕਰਨਪ੍ਰਯਾਗ ’ਚ ਪੰਜ ਪੁਲੀਆ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ’ਚ ਇੱਕ ਸ਼ਰਧਾਲੂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਸਬੰਧੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ (NH-07) ਨੂੰ ਚਾਰ ਘੰਟਿਆਂ ਤੱਕ ਜਾਮ ਰੱਖਿਆ, ਜਿਸ ਤੋਂ ਬਾਅਦ ਸੀਨੀਅਰ ਪੁਲhਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ।

ਚਸ਼ਮਦੀਦਾਂ ਅਨੁਸਾਰ, ਵਿਵਾਦ ਸਵੇਰੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਇੱਕ ਸਮੂਹ ਨੇ ਆਪਣਾ ਵਾਹਨ ਇੱਕ ਸਥਾਨਕ ਹੋਟਲ ਦੇ ਸਾਹਮਣੇ ਪਾਰਕ ਕਰ ਦਿੱਤਾ। ਬਹਿਸ ਵਧ ਗਈ ਅਤੇ ਸਥਾਨਕ ਵਾਸੀਆਂ ਨੇ ਕਥਿਤ ਤੌਰ ’ਤੇ ਸ਼ਰਧਾਲੂਆਂ ’ਤੇ ਤਲਵਾਰਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕਰਨਪ੍ਰਯਾਗ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਜ਼ਖ਼ਮੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀਆਂ ਦੀ ਪਛਾਣ ਪ੍ਰਕਾਸ਼ ਰਾਵਤ (26), ਸੁਦਰਸ਼ਨ ਕੰਡਾਰੀ (55), ਗਜਪਾਲ ਸਿੰਘ (50), ਹਰੇਂਦਰ ਸਿੰਘ (42), ਜੋ ਕਿ ਸਾਰੇ ਕਰਨਪ੍ਰਯਾਗ ਦੇ ਵਾਸੀ ਹਨ, ਅਤੇ ਮਨਪ੍ਰੀਤ ਸਿੰਘ (21), ਜੋ ਮੋਹਾਲੀ ਦਾ ਵਾਸੀ ਹੈ, ਵਜੋਂ ਹੋਈ ਹੈ।

ਘਟਨਾ ਤੋਂ ਬਾਅਦ, ਸਥਾਨਕ ਲੋਕ ਕਰਨਪ੍ਰਯਾਗ ਪੁਲੀਸ ਚੌਕੀ ਨੇੜੇ ਇਕੱਠੇ ਹੋ ਗਏ ਅਤੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਭਾਰੀ ਜਾਮ ਲੱਗ ਗਿਆ ਅਤੇ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਦੇ ਸੈਂਕੜੇ ਵਾਹਨਾਂ ਦੇ ਨਾਲ-ਨਾਲ ਸਥਾਨਕ ਮੁਸਾਫਰ ਵੀ ਫਸ ਗਏ।

ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲੀਸ ਨੇ ਅਸਥਾਈ ਤੌਰ ’ਤੇ ਗੌਚਰ ਵਿਖੇ ਨਿਰਧਾਰਤ ਹੋਲਡਿੰਗ ਖੇਤਰ ਵਿੱਚ ਵਾਹਨਾਂ ਨੂੰ ਰੋਕ ਦਿੱਤਾ।

ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਗੌਰਵ ਕੁਮਾਰ ਅਤੇ ਸੁਪਰਡੈਂਟ ਆਫ਼ ਪੁਲੀਸ ਸੁਰਜੀਤ ਸਿੰਘ ਪੰਵਾਰ ਦੇ ਮੌਕੇ ’ਤੇ ਪਹੁੰਚਣ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਰੋਸ ਪ੍ਰਦਰਸ਼ਨ ਖ਼ਤਮ ਹੋਇਆ, ਜਿਸ ਵਿੱਚ ਉਨ੍ਹਾਂ ਨੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

ਗੱਲਬਾਤ ਦੌਰਾਨ, ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਧਾਰਮਿਕ ਯਾਤਰਾਵਾਂ ’ਤੇ ਤੇਜ਼ਧਾਰ ਹਥਿਆਰਾਂ ’ਤੇ ਪਾਬੰਦੀ ਲਗਾਵੇ।ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਰਾਜਕਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਇਸ ਘਟਨਾ ਸਬੰਧੀ ਡੀਪੀਆਈ ਆਰ ਉੱਤਰਖੰਡ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ, ਗੋਵਿੰਦਘਾਟ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ‘ਤੇ ਆਉਣ ਵਾਲੇ ਸਮੂਹ ਸ਼ਰਧਾਲੂਆਂ ਨੂੰ ਆਪਸੀ ਭਾਈਚਾਰਾ, ਅਨੁਸ਼ਾਸਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।

ਟਰੱਸਟ ਵੱਲੋਂ ਜਾਰੀ ਕੀਤੀ ਗਈ ਅਪੀਲ ਵਿੱਚ ਕਿਹਾ ਗਿਆ ਹੈ ਕਿ 23 ਮਈ ਤੋਂ ਸ਼ੁਰੂ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵਿੱਚ ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਦਰਸ਼ਨ ਕਰ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਮਦ ਨਿਰੰਤਰ ਜਾਰੀ ਹੈ। ਸਾਰੇ ਸ਼ਰਧਾਲੂ ਇਸ ਤੀਰਥ ਯਾਤਰਾ ਦੀ ਮਹੱਤਤਾ ਅਤੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਧਾ ਅਤੇ ਮਰਿਆਦਾ ਨਾਲ ਯਾਤਰਾ ਕਰਨ ਅਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਬਹਿਸ-ਬਾਜ਼ੀ ਤੋਂ ਬਚੋ ਅਤੇ ਕਾਨੂੰਨ ਵਿਵਸਥਾ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਬਣਾਈ ਰੱਖਣ ਵਿੱਚ ਸਹਿਯੋਗ ਕਰੋ।

ਅਪੀਲ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਵਿੱਚ ਸ਼ਸਤਰਾਂ ਦੀ ਮਹੱਤਤਾ ਧਰਮ ਦੀ ਰੱਖਿਆ ਲਈ ਹੈ, ਨਾ ਕਿ ਉਨ੍ਹਾਂ ਦੀ ਦੁਰਵਰਤੋਂ ਲਈ। ਇਸ ਲਈ ਸ਼ਰਧਾਲੂ ਯਾਤਰਾ ਦੌਰਾਨ ਬੇਲੋੜੇ ਤੌਰ ‘ਤੇ ਸ਼ਸਤਰ ਨਾਲ ਨਾ ਰੱਖਣ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਤੀਰਥ ਯਾਤਰਾ ‘ਤੇ ਆਉਣ ਵਾਲੇ ਛੋਟੇ ਬੱਚੇ ਕਿਸੇ ਵੀ ਕਿਸਮ ਦੇ ਸ਼ਸਤਰ ਨਾਲ ਨਾ ਰੱਖਣ।

ਟਰੱਸਟ ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਉੱਤਰਾਖੰਡ ਇੱਕ ਸ਼ਾਂਤੀਪ੍ਰਿਯ ਰਾਜ ਹੈ, ਜੋ ਦੇਸ਼ ਅਤੇ ਦੁਨੀਆ ਭਰ ਵਿੱਚ ਦੇਵਭੂਮੀ ਵਜੋਂ ਜਾਣਿਆ ਜਾਂਦਾ ਹੈ। ਇਹ ਸ੍ਰੀ ਬਦਰੀਨਾਥ ਧਾਮ, ਸ੍ਰੀ ਕੇਦਾਰਨਾਥ ਧਾਮ, ਮਾਂ ਗੰਗੋਤਰੀ, ਮਾਂ ਯਮੁਨੋਤਰੀ ਅਤੇ ਹੋਰ ਕਈ ਪਵਿੱਤਰ ਤੀਰਥ ਸਥਾਨਾਂ ਦਾ ਘਰ ਹੈ। ਇਨ੍ਹਾਂ ਪਵਿੱਤਰ ਸਥਾਨਾਂ ਵਿੱਚੋਂ ਸ੍ਰੀ ਹੇਮਕੁੰਟ ਸਾਹਿਬ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਲਈ ਸ਼ਰਧਾਲੂ ਪੂਰਨ ਸ਼ਰਧਾ, ਭਗਤੀ ਅਤੇ ਅਨੁਸ਼ਾਸਨ ਨਾਲ ਤੀਰਥ ਯਾਤਰਾ ਪੂਰੀ ਕਰਨ। ਕਿਸੇ ਵੀ ਝਗੜੇ ਜਾਂ ਸਮੱਸਿਆ ਦੀ ਸਥਿਤੀ ਵਿੱਚ, ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਬਜਾਏ, ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ।

Share: