FIFA World Cup: ਹੇਠਲੇ ਦਰਜੇ ਦੀ ਟੀਮਾਂ ਛੁਪੇ ਰੁਸਤਮ ਨਿਕਲੀਆਂ

FIFA World Cup: ਹੇਠਲੇ ਦਰਜੇ ਦੀ ਟੀਮਾਂ ਛੁਪੇ ਰੁਸਤਮ ਨਿਕਲੀਆਂ

ਮਿਆਮੀ ਗਾਰਡਨਜ਼ (ਅਮਰੀਕਾ) :  ਫੀਫਾ ਆਲਮੀ ਦਰਜਾਬੰਦੀ ਵਿੱਚ 61ਵੇਂ, 67ਵੇਂ ਅਤੇ 85ਵੇਂ ਸਥਾਨ ’ਤੇ ਮੌਜੂਦ ਟੀਮਾਂ ਆਪਣੇ ਪਹਿਲੇ ਮੈਚਾਂ ਦੌਰਾਨ ਛੁਪੇ ਰੁਸਤਮ ਸਾਬਤ ਹੋਈਆਂ ਹਨ। ਇਨ੍ਹਾਂ ਟੀਮਾਂ ਨੇ ਨਾ ਮੈਚ ਜਿੱਤੇ ਅਤੇ ਨਾ ਹੀ ਹਾਰੇ ਹਨ, ਸਗੋਂ ਸੋਮਵਾਰ ਨੂੰ ਖੇਡੇ ਗਏ ਸਾਰੇ ਚਾਰ ਮੈਚ ਡਰਾਅ ਰਹੇ, ਜੋ 1958 ਤੋਂ ਬਾਅਦ ਪੁਰਸ਼ ਆਲਮੀ ਕੱਪ ਦੇ ਇਤਿਹਾਸ ਵਿੱਚ ਇੱਕੋ ਦਿਨ ਵਿੱਚ ਸਭ ਤੋਂ ਵੱਧ ਡਰਾਅ ਹਨ। ਤਕਨੀਕੀ ਤੌਰ ’ਤੇ ਇਹ ਸਾਰੇ ਵੱਡੇ ਉਲਟਫੇਰ ਹਨ।

ਸਭ ਤੋਂ ਵੱਡਾ ਧਮਾਕਾ 67ਵਾਂ ਦਰਜਾ ਪ੍ਰਾਪਤ ਕੇਪ ਵਰਡੇ ਨੇ ਆਪਣੇ ਪਹਿਲੇ ਹੀ ਆਲਮੀ ਕੱਪ ਮੈਚ ਵਿੱਚ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਅਤੇ ਦੂਜੇ ਨੰਬਰ ਦੀ ਟੀਮ ਸਪੇਨ ਨੂੰ 0-0 ਦੀ ਬਰਾਬਰੀ ’ਤੇ ਰੋਕ ਕੇ ਕੀਤਾ। ਕੋਚ ਬੁਬਿਸਤਾ ਨੇ ਇਸ ਨੂੰ ਇਤਿਹਾਸਕ ਕਰਾਰ ਦਿੱਤਾ। ਸੋਮਵਾਰ ਦੇ ਹੋਰ ਨਤੀਜਿਆਂ ਵਿੱਚ ਟੂਰਨਾਮੈਂਟ ਦੀ ਸਭ ਤੋਂ ਹੇਠਲੀ 85ਵੀਂ ਦਰਜੇ ਵਾਲੀ ਨਿਊਜ਼ੀਲੈਂਡ ਨੇ 20ਵਾਂ ਦਰਜਾ ਪ੍ਰਾਪਤ ਇਰਾਨ ਨੂੰ 2-2, ਸਾਊਦੀ ਅਰਬ (61ਵਾਂ ਦਰਜਾ) ਨੇ ਉਰੂਗੁਏ (16ਵਾਂ ਦਰਜਾ) ਨੂੰ 1-1 ਅਤੇ ਮਿਸਰ (29ਵਾਂ ਦਰਜਾ) ਨੇ ਬੈਲਜੀਅਮ (ਨੌਵਾਂ ਦਰਜਾ) ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ। ਸਪੇਨ ’ਤੇ ਸੱਟਾ ਲਾਉਣ ਵਾਲਿਆਂ ਲਈ ਇਹ ਨਤੀਜਾ ਵੱਡਾ ਝਟਕਾ ਸੀ। ਉਰੂਗੁਏ ਦੇ ਮੈਕਸੀ ਅਰਾਉਜੋ ਮੁਤਾਬਕ ਇਹ ਨਤੀਜੇ ਸਾਬਤ ਕਰਦੇ ਹਨ ਕਿ ਵਿਸ਼ਵ ਕੱਪ ਵਿੱਚ ਕੋਈ ਵੀ ਮੈਚ ਆਸਾਨ ਨਹੀਂ ਹੁੰਦਾ। ਹੁਣ ਗਰੁੱਪ ‘ਐੱਫ’ ਅਤੇ ਗਰੁੱਪ ‘ਐੱਚ’ ਵਿੱਚ ਸਾਰੀਆਂ ਟੀਮਾਂ ਕੋਲ 1-1 ਅੰਕ ਹਨ, ਜਿਸ ਨਾਲ ਮੁਕਾਬਲਾ ਬੇਹੱਦ ਰੋਮਾਂਚਕ ਹੋ ਗਿਆ ਹੈ। ਟੂਰਨਾਮੈਂਟ ਦੇ ਪਹਿਲੇ 16 ਮੈਚਾਂ ਵਿੱਚੋਂ ਅੱਠ ਮੈਚ ਡਰਾਅ ਰਹੇ ਹਨ, ਜਿਨ੍ਹਾਂ ਵਿੱਚ ਕਤਰ-ਸਵਿਟਜ਼ਰਲੈਂਡ ਅਤੇ ਬੋਸਨੀਆ-ਕੈਨੇਡਾ ਦੇ ਮੈਚ ਵੀ ਸ਼ਾਮਲ ਹਨ। ਸਪੇਨ ਦੇ ਕੋਚ ਲੁਈਸ ਡੇ ਲਾ ਫੁਐਂਤੇ ਨੇ ਕਿਹਾ, ‘‘ਫੁਟਬਾਲ ਵਿੱਚ ਕੋਈ ਵੀ ਵਿਰੋਧੀ ਛੋਟਾ ਨਹੀਂ ਹੁੰਦਾ।’’

Share: