ਧਰਮਕੋਟ : ਇੱਥੋਂ ਦੀ ਚੁੱਘਾ ਵਸਤੀ ਵਿਖੇ ਸਥਿਤ ਗੁਰਦੁਆਰਾ ਧਰਮ ਕੀ ਪਾਉੜੀ ਵਿਖੇ ਅੱਜ ਤੜਕਸਾਰ, ਸਮੇਂ ਸਿਰ ਪਤਾ ਚੱਲ ਜਾਣ ਕਾਰਨ ਬੇਅਦਬੀ ਦੀ ਘਟਨਾ ਟਲ ਗਈ। ਉਕਤ ਗੁਰਦੁਆਰਾ ਸਾਹਿਬ ਵਸਤੀ ਦੇ ਬਾਹਰ ਢਾਣੀਆਂ ਵਿੱਚ ਰਹਿੰਦੇ ਪਰਿਵਾਰਾਂ ਵੱਲੋਂ ਬਣਾਇਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ ਅੱਠ ਵਜੇ ਦੇ ਲਗਭਗ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਬਲਦੇਵ ਸਿੰਘ ਨਿਤਨੇਮ ਕਰਨ ਤੋਂ ਬਾਅਦ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਕੇ ਅਤੇ ਨਜ਼ਦੀਕੀ ਘਰ ਨੂੰ ਸੂਚਿਤ ਕਰਕੇ ਆਪਣੇ ਘਰ ਧਰਮਕੋਟ ਵਾਪਸ ਆ ਗਏ। ਇਸੇ ਦੌਰਾਨ ਇੱਕ ਕੈਪਰੀ ਪਹਿਣਿਆ ਨੌਜਵਾਨ, ਜੋ ਸਿਰ ਤੋਂ ਮੋਨਾ (ਕੇਸ ਕਟਵਾਏ ਹੋਏ) ਸੀ, ਉੱਥੇ ਪੁੱਜਾ ਅਤੇ ਗੁਰਦੁਆਰਾ ਸਾਹਿਬ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਿਆ। ਪਹਿਲਾਂ ਉਸ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਨਾਲ ਛੇੜਛਾੜ ਕੀਤੀ ਅਤੇ ਬਾਅਦ ਵਿੱਚ ਉਹ ਸੁਖਆਸਣ ਅਸਥਾਨ ਤੱਕ ਚਲਾ ਗਿਆ।
ਇਸੇ ਦੌਰਾਨ ਪਿੱਛੇ ਇੱਕ ਘਰ ਦੀ ਔਰਤ, ਜੋ ਕਿ ਛੱਤ ’ਤੇ ਚੜ੍ਹੀ ਹੋਈ ਸੀ, ਨੇ ਉਸ ਨੂੰ ਦੇਖ ਕੇ ਰੌਲਾ ਪਾ ਦਿੱਤਾ। ਇਸ ਦੀ ਜਾਣਕਾਰੀ ਮਿਲਦਿਆਂ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਨੇੜਲੇ ਘਰਾਂ ਦੇ ਲੋਕ ਉੱਥੇ ਪੁੱਜ ਗਏ ਅਤੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਜ਼ਰਦਾ-ਤੰਬਾਕੂ ਵੀ ਬਰਾਮਦ ਹੋਇਆ। ਕਾਬੂ ਕੀਤੇ ਇਸ ਸ਼ਖਸ ਦੀ ਅਸਲ ਮਨਸ਼ਾ ਬੇਸ਼ੱਕ ਅਜੇ ਸਾਹਮਣੇ ਨਹੀਂ ਆਈ ਹੈ, ਲੇਕਿਨ ਪੁਲੀਸ ਵੱਲੋਂ ਇਸ ਘਟਨਾ ਨੂੰ ਚੋਰੀ ਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਮੇਟੀ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਦੋਸ਼ੀ ਨਜ਼ਦੀਕੀ ਪਿੰਡ ਜਲਾਲਾਬਾਦ ਪੂਰਬੀ ਦਾ ਰਹਿਣ ਵਾਲਾ ਹੈ।
ਇਸ ਮੌਕੇ ਉੱਥੇ ਪੁੱਜੇ ਸ਼੍ਰੋਮਣੀ ਪੰਥਕ ਅਕਾਲੀ ਦਸਮੇਸ਼ ਤਰਨਾ ਦਲ ਘੋੜਸਵਾਰ ਦੇ ਮੁੱਖੀ ਬਾਬਾ ਸਤਨਾਮ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਦੋਸ਼ ਲਾਇਆ ਕਿ ਇਹ ਸਭ ਕੁਝ ਕਮੇਟੀ ਦੀ ਅਣਗਹਿਲੀ ਸਦਕਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਮੌਕੇ ਪੱਥਰ ਲਗਾਉਣ ਵਾਲੇ ਪਰਵਾਸੀ ਮਜ਼ਦੂਰ ਤੋਂ ਵੀ ਉਨ੍ਹਾਂ ਤੰਬਾਕੂ ਬਰਾਮਦ ਕਰਕੇ ਕਮੇਟੀ ਨੂੰ ਸੂਚਿਤ ਕੀਤਾ ਸੀ, ਪਰ ਕਮੇਟੀ ਨੇ ਉਸ ਵੇਲੇ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ।
ਇਸ ਮਾਮਲੇ ਨੂੰ ਲੈ ਕੇ ਜਦੋਂ ਹਲਕਾ ਡੀ.ਐੱਸ.ਪੀ. ਸੁਖਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਤੋਂ ਇਹ ਘਟਨਾ ਗੋਲਕ ਚੋਰੀ ਦੀ ਜਾਪਦੀ ਹੈ, ਲੇਕਿਨ ਫਿਰ ਵੀ ਪੁਲੀਸ ਹਰੇਕ ਪੱਖ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਨੇ ਦੋਸ਼ੀ ਦੀ ਸ਼ਨਾਖ਼ਤ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਭਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਜਲਾਲਾਬਾਦ ਪੂਰਬੀ ਵਜੋਂ ਹੋਈ ਹੈ ਅਤੇ ਉਸ ਉੱਪਰ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ।

