ਜਲੰਧਰ (ਮਨੀਸ਼ ਰਿਹਾਨ) : ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਜੰਡੇ ਸਰਾਏ ਵਿੱਚ ਨਸ਼ੇ ਨੇ ਦੋ ਹੋਰ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮਾਲਵਾ ਖੇਤਰ ਤੋਂ ਦੁਆਬੇ ਵਿੱਚ ਮੱਕੀ ਦੀ ਫ਼ਸਲ ਕੱਟਣ ਆਏ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਸਿੰਘ (ਪੁੱਤਰ ਨਿਰਮਲ ਸਿੰਘ) ਵਾਸੀ ਖੋਸਾ ਲਾਲ ਸਿੰਘ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਗਗਨਦੀਪ ਸਿੰਘ (ਪੁੱਤਰ ਜਸਪਾਲ ਸਿੰਘ) ਵਾਸੀ ਲੁਭਾਇਆ ਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਮੱਕੀ ਦੀ ਸੀਜ਼ਨਲ ਕਟਾਈ ਲਈ ਇੱਕ ਕੰਬਾਈਨ ਦੇ ਨਾਲ ਇੱਥੇ ਆਏ ਸਨ ਅਤੇ ਪਿੰਡ ਬੁੱਲੋਵਾਲ ਦੇ ਕਿਸਾਨ ਹਰਦਿਆਲ ਸਿੰਘ ਦੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਕੰਬਾਈਨ ਮਾਲਕ ਨੇ ਦੱਸਿਆ ਕਿ ਇਹ ਦੋਵੇਂ ਪਿਛਲੇ ਦੋ ਦਿਨਾਂ ਤੋਂ ਅਚਾਨਕ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦਾ ਮੋਬਾਈਲ ਸੰਪਰਕ ਵੀ ਟੁੱਟ ਚੁੱਕਾ ਸੀ। ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਇਨ੍ਹਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਜੰਡੇ ਸਰਾਏ ਨੇੜਲੇ ਇੱਕ ਸੂਏ (ਨਹਿਰੀ ਖਾਲ) ਵਿੱਚੋਂ ਬਰਾਮਦ ਹੋਈਆਂ।
ਮ੍ਰਿਤਕ ਦੇਹਾਂ ਦੀ ਹਾਲਤ ਦੇਖ ਕੰਬਿਆ ਦਿਲ
ਘਟਨਾ ਸਥਾਨ ’ਤੇ ਮੌਜੂਦ ਲੋਕਾਂ ਮੁਤਾਬਕ ਲਾਸ਼ਾਂ ਦੀ ਹਾਲਤ ਬੇਹੱਦ ਖ਼ਰਾਬ ਸੀ। ਨਸ਼ੇ ਦੀ ਹਾਲਤ ਵਿੱਚ ਸੂਏ ਕੋਲ ਡਿੱਗਣ ਕਾਰਨ ਜਾਂ ਮੌਤ ਤੋਂ ਬਾਅਦ, ਅਵਾਰਾ ਕੁੱਤਿਆਂ ਵੱਲੋਂ ਮ੍ਰਿਤਕ ਦੇਹਾਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਦਹਿਲ ਗਿਆ।
ਪੁਲੀਸ ਜਾਂਚ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ-ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹਾਲਾਂਕਿ ਮੁੱਢਲੀ ਨਜ਼ਰੇ ਮਾਮਲਾ ਨਸ਼ੇ ਦੀ ਓਵਰਡੋਜ਼ ਦਾ ਜਾਪਦਾ ਹੈ, ਪਰ ਮੌਤ ਦੇ ਅਸਲ ਅਤੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

