ਕਪੂਰਥਲਾ (ਮਨੀਸ਼ ਰਿਹਾਨ) : ਨਾਜਾਇਜ਼ ਸ਼ਰਾਬ ਬਣਾਉਣ, ਸਟੋਰ ਕਰਨ ਅਤੇ ਵੇਚਣ ਦੇ ਧੰਦੇ ਨੂੰ ਨੱਥ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਆਬਕਾਰੀ ਵਿਭਾਗ ਵੱਲੋਂ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਅਤੇ ਲਾਟੀਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਇਨ੍ਹਾਂ ਪਿੰਡਾਂ ਵਿੱਚ ਸਖ਼ਤ ਛਾਪੇ ਮਾਰ ਕੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਇਸ ਨੂੰ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। ਇਸ ਮੁਹਿੰਮ ਦੌਰਾਨ ਅਧਿਕਾਰੀਆਂ ਨੇ ਪਿੰਡ ਤੋਤੀ ’ਚ ਲਾਵਾਰਿਸ ਜਗ੍ਹਾ ਤੋਂ ਡਰੰਮਾਂ ’ਚ ਲੁਕਾ ਕੇ ਰੱਖੀ ਹੋਈ ਲਗਭਗ 2 ਹਜ਼ਾਰ ਲਿਟਰ ਲਾਹਣ ਤੇ 20 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਲਾਹਣ ਅਤੇ ਸ਼ਰਾਬ ਨੂੰ ਨਿਯਮਾਂ ਅਨੁਸਾਰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਲਾਟੀਆਂ ’ਚ ਮਾਰੇ ਗਏ ਛਾਪੇ ਦੌਰਾਨ ਆਬਕਾਰੀ ਵਿਭਾਗ ਨੇ 50 ਲਿਟਰ ਨਾਜਾਇਜ਼ ਸ਼ਰਾਬ ਲਾਵਾਰਿਸ ਹਾਲਤ ’ਚ ਬਰਾਮਦ ਕੀਤੀ, ਜਿਸ ਨੂੰ ਅੱਗੇ ਸਪਲਾਈ ਹੋਣ ਤੇ ਵਰਤੋਂ ’ਚ ਆਉਣ ਤੋਂ ਰੋਕਣ ਲਈ ਤੁਰੰਤ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਆਬਕਾਰੀ ਅਫ਼ਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਛਾਪੇ ਸੁਲਤਾਨਪੁਰ ਸਰਕਲ ਦੇ ਆਬਕਾਰੀ ਇੰਸਪੈਕਟਰ ਜਤਿੰਦਰਪਾਲ ਸਿੰਘ, ਆਬਕਾਰੀ ਪੁਲੀਸ ਮੁਲਾਜ਼ਮਾਂ ਤੇ ਸੁਲਤਾਨਪੁਰ ਲੋਧੀ ਦੀ ਪੁਲੀਸ ਦੇ ਸਹਿਯੋਗ ਨਾਲ ਮਾਰੇ ਗਏ। ਉਨ੍ਹਾਂ ਕਿਹਾ ਕਿ ਵਿਭਾਗ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਬਣਾਉਣ, ਤਸਕਰੀ ਕਰਨ ਤੇ ਵੇਚਣ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
Posted inKapurthala
Massive Illegal Liquor Raid: ਆਬਕਾਰੀ ਵਿਭਾਗ ਨੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਕੀਤੀ

