ਲੁਟੀਅਨਜ਼ ਦਿੱਲੀ ਵਿੱਚ ਝੁੱਗੀਆਂ ਹਟਾਈਆਂ

ਲੁਟੀਅਨਜ਼ ਦਿੱਲੀ ਵਿੱਚ ਝੁੱਗੀਆਂ ਹਟਾਈਆਂ

ਨਵੀਂ ਦਿੱਲੀ : ਲੁਟੀਅਨਜ਼ ਦਿੱਲੀ ਦੇ ਰੇਸ ਕੋਰਸ ਨੇੜੇ ਸਥਿਤ ਝੁੱਗੀ-ਝੌਂਪੜੀਆਂ ਹਟਾਉਣ ਲਈ ਅੱਜ ਵੱਡੀ ਮੁਹਿੰਮ ਚਲਾਈ ਗਈ। ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਉਣ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੇ ਮੁੜ-ਵਸੇਬੇ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਅਦਾਲਤ ਨੇ ਪ੍ਰਧਾਨ ਮੰਤਰੀ ਰਿਹਾਇਸ਼ ਦੇ ਨੇੜਲੇ ਖੇਤਰ ਵਿੱਚ ਸਥਿਤ ਤਿੰਨ ਝੁੱਗੀ ਬਸਤੀਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਮੁੜ-ਵਸੇਬੇ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਦਾ ਨਿਬੇੜਾ ਕਰੇ। ਅਧਿਕਾਰੀਆਂ ਮੁਤਾਬਕ ਭਾਈ ਰਾਮ ਕੈਂਪ, ਡੀ ਆਈ ਡੀ ਕੈਂਪ ਅਤੇ ਮਸਜਿਦ ਕੈਂਪ ਨਾਂ ਦੀਆਂ ਤਿੰਨ ਪ੍ਰਮੁੱਖ ਬਸਤੀਆਂ ਨੂੰ ਦੂਜੀ ਥਾਂ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜ਼ਮੀਨ ਭੂਮੀ ਅਤੇ ਵਿਕਾਸ ਦਫ਼ਤਰ ਦੀ ਮਲਕੀਅਤ ਹੈ ਅਤੇ ਸਬੰਧਤ ਅਧਿਕਾਰੀਆਂ ਦੀ ਮਦਦ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਤਹਿਤ ਇੱਥੋਂ ਦੇ ਵਸਨੀਕਾਂ ਨੂੰ ਨਰੇਲਾ ਖੇਤਰ ਵਿੱਚ ਰਿਹਾਇਸ਼ੀ ਮਕਾਨ ਅਲਾਟ ਕੀਤੇ ਗਏ ਹਨ। ਉਨ੍ਹਾਂ ਮੰਨਿਆ ਕਿ ਲੋਕਾਂ ਨੇ ਦੂਜੀ ਥਾਂ ਜਾਣ ਸਬੰਧੀ ਕੁਝ ਚਿੰਤਾਵਾਂ ਪ੍ਰਗਟਾਈਆਂ ਸਨ, ਜਿਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ।

ਇਸ ਜ਼ਮੀਨ ਦੀ ਵਰਤੋਂ ਦੇਸ਼ ਦੀ ਸੁਰੱਖਿਆ ਅਤੇ ਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਣੀ ਹੈ। ਮੁਹਿੰਮ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇੱਕ ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।

Share: