ਨਾਈਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਆਲਮੀ ਮਸਲਿਆਂ ਦੇ ਹੱਲ ’ਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਕ ਬਣ ਗਿਆ ਹੈ। ਉਨ੍ਹਾਂ ਤਕਨਾਲੋਜੀ ਅਤੇ ਨਵੀਨਤਾ (ਇਨੋਵੇਸ਼ਨ) ਰਾਹੀਂ ਟਿਕਾਊ ਭਵਿੱਖ ਲਈ ਭਾਰਤ ਦੇ ਨਜ਼ਰੀਏ ਨੂੰ ਦੁਨੀਆ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨਾਈਸ ’ਚ ‘ਭਾਰਤ ਇਨੋਵੇਟਸ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਥੇ ਭਾਰਤ, ਫਰਾਂਸ ਅਤੇ ਕੁਝ ਹੋਰ ਮੁਲਕਾਂ ਦੇ ਨਵੀਨ ਸਟਾਰਟਅੱਪਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੀ ਹਾਜ਼ਰੀ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਇਕ ਦਹਾਕਾ ਪਹਿਲਾਂ ਦੁਨੀਆ ਭਾਰਤ ਨੂੰ ਸਿਰਫ਼ ਤਕਨਾਲੋਜੀ ਅਪਣਾਉਣ ਵਾਲੇ ਮੁਲਕ ਵਜੋਂ ਦੇਖਦੀ ਸੀ ਪਰ ਅੱਜ ਭਾਰਤ ਤਕਨੀਕ ਦੇਣ ਵਜੋਂ ਉਭਰਿਆ ਹੈ।’’ ਆਪਣੀ ਸਰਕਾਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਅਜਿਹੇ ਹੱਲ ਲੱਭ ਰਹੇ ਹਨ ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਹਨ। ਉੱਚ ਤਕਨਾਲੋਜੀ ਅਤੇ ਰੱਖਿਆ ਖੇਤਰ ’ਚ ਭਾਰਤ ਦੀ ‘ਸੁਧਾਰ ਐਕਸਪ੍ਰੈੱਸ’ ਹੁਣ ਰੁਕਣ ਵਾਲੀ ਨਹੀਂ ਹੈ। ਮੋਦੀ ਨੇ ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਸਾਂਝੇ ਨਜ਼ਰੀਏ ਅਤੇ ਪ੍ਰੇਰਨਾ ਵਾਲੀ ਵਿਸ਼ੇਸ਼ ਭਾਈਵਾਲੀ ਦੱਸਿਆ। ਦੂਜੇ ਪਾਸੇ ਰਾਸ਼ਟਰਪਤੀ ਮੈਕਰੌਂ ਨੇ ਭਾਰਤ ਦੇ ‘ਮੇਕ ਇਨ ਇੰਡੀਆ’ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫਰਾਂਸ ਮਸਨੂਈ ਬੌਧਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਨਾਜ਼ੁਕ ਖੇਤਰਾਂ ’ਚ ਭਾਰਤ ਦਾ ਅਹਿਮ ਭਾਈਵਾਲ ਹੈ। ਉਨ੍ਹਾਂ ਨੇ ਛੋਟੇ ਮਾਡਿਊਲਰ ਰਿਐਕਟਰਾਂ ਸਮੇਤ ਪਰਮਾਣੂ ਊਰਜਾ ਖੇਤਰ ’ਚ ਸਹਿਯੋਗ ਵਧਾਉਣ ਦੀ ਇੱਛਾ ਵੀ ਜਤਾਈ।
ਮੋਦੀ ਤੇ ਮੈਕਰੌਂ ਵੱਲੋਂ ਦੁਵੱਲੀ ਗੱਲਬਾਤ
ਨਾਈਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨਾਲ ਮਸਨੂਈ ਬੌਧਿਕਤਾ (ਏ ਆਈ), ਸਟਾਰਟਅੱਪਸ, ਵਪਾਰ, ਬੁਨਿਆਦੀ ਢਾਂਚਾ, ਮੋਬਿਲਿਟੀ ਤੇ ਸਿਹਤ ਸਣੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਹਿਮ ਕੌਮਾਂਤਰੀ ਤੇ ਖੇਤਰੀ ਮੁੱਦਿਆਂ ਉੱਤੇ ਵੀ ਚਰਚਾ ਕੀਤੀ। ਮੋਦੀ ਸ਼ਨਿੱਚਰਵਾਰ ਦੇਰ ਰਾਤ ਫਰਾਂਸ ਪੁੱਜੇ ਸਨ ਤੇ ਉਨ੍ਹਾਂ ਮੈਕਰੌਂ ਨਾਲ ‘ਭਾਰਤ ਇਨੋਵੇਟਸ’ ਸਮਾਗਮ ਦਾ ਵੀ ਉਦਘਾਟਨ ਕੀਤਾ।

