ਨਵੀਂ ਦਿੱਲੀ : ਕੇਂਦਰ ਵਿੱਚ ਐੱਨ.ਡੀ.ਏ. (NDA) ਸਰਕਾਰ ਦੇ ਸਫ਼ਲਤਾਪੂਰਵਕ 12 ਸਾਲ ਪੂਰੇ ਹੋਣ ਅਤੇ ਨਰਿੰਦਰ ਮੋਦੀ ਦੇ ਭਾਰਤ ਦੇ ਸਭ ਤੋਂ ਲੰਮਾ ਸਮਾਂ ਨਿਰੰਤਰ ਸੇਵਾ ਨਿਭਾਉਣ ਵਾਲੇ ਲੋਕਤੰਤਰਿਕ ਪ੍ਰਧਾਨ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਵਿਸ਼ੇਸ਼ ਪ੍ਰਾਰਥਨਾਵਾਂ ਅਤੇ ਅਰਦਾਸਾਂ ਕੀਤੀਆਂ ਗਈਆਂ। ਭਾਜਪਾ ਦੇ ਸੀਨੀਅਰ ਆਗੂਆਂ ਨੇ ਕਨਾਟ ਪਲੇਸ ਦੇ ਹਨੂੰਮਾਨ ਮੰਦਿਰ, ਝੰਡੇਵਾਲਾਨ ਮੰਦਿਰ, ਗੁਰਦੁਆਰਾ ਬੰਗਲਾ ਸਾਹਿਬ ਅਤੇ ਹਜ਼ਰਤ ਨਿਜ਼ਾਮੂਦੀਨ ਦਰਗਾਹ ਸਮੇਤ ਸ਼ਹਿਰ ਦੇ ਕਰੀਬ 20 ਪ੍ਰਮੁੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਸ਼ੁਕਰਾਨਾ ਕਰਦਿਆਂ ਦੇਸ਼ ਦੀ ਚੜ੍ਹਦੀ ਕਲਾ ਲਈ ਆਸ਼ੀਰਵਾਦ ਮੰਗਿਆ। ਝੰਡੇਵਾਲਾਨ ਮੰਦਿਰ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ, ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਅਤੇ ਸਾਂਸਦ ਬਾਂਸੁਰੀ ਸਵਰਾਜ ਸਮੇਤ ਕਈ ਦਿੱਗਜ ਨੇਤਾਵਾਂ ਨੇ ਪੂਜਾ-ਅਰਚਨਾ ਕੀਤੀ। ਇਸੇ ਤਰ੍ਹਾਂ ਕਿਸ਼ਨਗੰਜ ਗਊਸ਼ਾਲਾ ਸਥਿਤ ਸ਼੍ਰੀ ਰਾਮ ਮੰਦਿਰ ਵਿਖੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੁੰਦਰਕਾਂਡ ਦੇ ਪਾਠ ਵਿੱਚ ਹਿੱਸਾ ਲਿਆ, ਜਦੋਂਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਭਾਜਪਾ ਦੇ ਘੱਟਗਿਣਤੀ ਮੋਰਚੇ ਵੱਲੋਂ ਹਜ਼ਰਤ ਨਿਜ਼ਾਮੂਦੀਨ ਦਰਗਾਹ ’ਤੇ ਰਾਜਸਭਾ ਮੈਂਬਰ ਗੁਲਾਮ ਅਲੀ ਖਟਾਨਾ ਦੀ ਅਗਵਾਈ ਹੇਠ ਚਾਦਰ ਚੜ੍ਹਾਈ ਗਈ ਅਤੇ ਇੱਥੋਂ ਹੀ ਦਿੱਲੀ ਵਿੱਚ ‘ਸੂਫ਼ੀ ਸੰਵਾਦ ਅਭਿਆਨ’ ਦੀ ਸ਼ੁਰੂਆਤ ਵੀ ਕੀਤੀ ਗਈ। ਭਾਜਪਾ ਸਰਕਾਰ ਨੇ ਕਿਹਾ ਕਿ ਇਹ ਲੋਕ ਭਲਾਈ ਤੇ ਵਿਕਾਸ ਦੇ 12 ਸਾਲ ਹਨ, ਜਿਸਨੂੰ ਅਸੀਂ ਮਨਾ ਰਹੇ ਹਾਂ।
ਮੋਦੀ ਨੇ ਲਗਾਤਾਰ 4,399 ਦਿਨ ਪ੍ਰਧਾਨ ਮੰਤਰੀ ਰਹਿ ਕੇ ਬਣਾਇਆ ਰਿਕਾਰਡ
ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਮੁਖੀ ਵਜੋਂ ਲਗਾਤਾਰ 4,399 ਦਿਨ ਪੂਰੇ ਕਰ ਕੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਅਟੁੱਟ ਕਾਰਜਕਾਲ ਨਿਭਾਉਣ ਵਾਲੇ ਲੋਕਤੰਤਰਿਕ ਪ੍ਰਧਾਨ ਮੰਤਰੀ ਬਣਨ ਦਾ ਨਵਾਂ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ, ਬੈਜਯੰਤ ਪਾਂਡਾ, ਜਿਤੇਂਦਰ ਸਿੰਘ, ਮਨੋਜ ਤਿਵਾਰੀ, ਮਨਜਿੰਦਰ ਸਿੰਘ ਸਿਰਸਾ ਅਤੇ ਸਵਾਤੀ ਮਾਲੀਵਾਲ ਵਰਗੇ ਦਿੱਗਜ ਨੇਤਾਵਾਂ ਨੇ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ।
ਸਮਾਗਮਾਂ ਦੌਰਾਨ ਬੋਲਦਿਆਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਕਾਰਜਕਾਲ ਭਾਰਤੀ ਲੋਕਤੰਤਰ ਦਾ ਇੱਕ ਸੁਹਿਰਦ ਅਧਿਆਏ ਹੈ, ਜਿੱਥੇ ਮੁਫ਼ਤ ਰਾਸ਼ਨ, ਪੱਕੇ ਮਕਾਨ, ਬਿਜਲੀ, ਪਾਣੀ ਅਤੇ ਸਿਹਤ ਬੀਮੇ ਵਰਗੀਆਂ ਬੁਨਿਆਦੀ ਸਹੂਲਤਾਂ ਸਿੱਧੀਆਂ ਗ਼ਰੀਬਾਂ ਦੇ ਘਰਾਂ ਤੱਕ ਪਹੁੰਚੀਆਂ ਹਨ। ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਉੱਜਵਲਾ ਯੋਜਨਾ, ਮੁਦਰਾ ਯੋਜਨਾ ਅਤੇ ਡਿਜੀਟਲ ਇੰਫਰਾਸਟ੍ਰਕਚਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ 12 ਸਾਲਾਂ ਨੇ ਨਾ ਸਿਰਫ਼ ਗ਼ਰੀਬਾਂ ਤੇ ਮਹਿਲਾਵਾਂ ਦਾ ਸਸ਼ਕਤੀਕਰਨ ਕੀਤਾ ਹੈ, ਬਲਕਿ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਮਾਣ ਵੀ ਵਧਾਇਆ ਹੈ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਇਹ ਪ੍ਰਾਰਥਨਾਵਾਂ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਅਤੇ ਦੇਸ਼ ਦੀ ਅਗਵਾਈ ਨਿਰੰਤਰ ਬਣਾਈ ਰੱਖਣ ਲਈ ਕੀਤੀਆਂ ਗਈਆਂ ਹਨ।
