‘ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ….’ Sidhu Moosewala ਦੇ ਜਨਮ ਦਿਨ ’ਤੇ ਭਾਵੁਕ ਹੋਏ ਮਾਪੇ; ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਦਿਲ ਦਾ ਦਰਦ

‘ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ….’ Sidhu Moosewala ਦੇ ਜਨਮ ਦਿਨ ’ਤੇ ਭਾਵੁਕ ਹੋਏ ਮਾਪੇ; ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਦਿਲ ਦਾ ਦਰਦ

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅੱਜ ਉਸ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ ’ਤੇ ਬੇਹੱਦ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ। ਆਪਣੇ ਪੁੱਤਰ ਨੂੰ ਯਾਦ ਕਰਦਿਆਂ ਮਾਪਿਆਂ ਨੇ ਉਸ ਦੇ ਵਿਛੋੜੇ ਦੇ ਅਸਹਿ ਦਰਦ ਨੂੰ ਬਿਆਨ ਕੀਤਾ, ਜਿਸ ਨੇ ਲੱਖਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪਿਤਾ ਬਲਕੌਰ ਸਿੰਘ ਨੇ ਪੰਜਾਬੀ ਵਿੱਚ ਲਿਖੀ ਆਪਣੀ ਭਾਵੁਕ ਪੋਸਟ ਵਿੱਚ ਕਿਹਾ ਕਿ ਸਮੇਂ ਨੇ ਉਨ੍ਹਾਂ ਨੂੰ ਇਸ ਦਰਦ ਨਾਲ ਜਿਊਣਾ ਤਾਂ ਸਿਖਾ ਦਿੱਤਾ ਹੈ, ਪਰ ਉਹ ਅਜੇ ਵੀ ਆਪਣੇ ਪੁੱਤਰ ਦੀ ਗੈਰ-ਹਾਜ਼ਰੀ ਨੂੰ ਸਵੀਕਾਰ ਨਹੀਂ ਕਰ ਪਾਏ। ਉਨ੍ਹਾਂ ਲਿਖਿਆ ਕਿ ਕਈ ਲੋਕ ਸੋਚਦੇ ਸਨ ਕਿ ਸਮੇਂ ਦੇ ਨਾਲ ਲੋਕ ਮੂਸੇਵਾਲਾ ਨੂੰ ਭੁੱਲ ਜਾਣਗੇ, ਪਰ ਪ੍ਰਸ਼ੰਸਕਾਂ ਵੱਲੋਂ ਉਸ ਦੇ ਵਿਚਾਰਾਂ ਅਤੇ ਸੰਗੀਤ ਨੂੰ ਮਿਲ ਰਹੇ ਬੇਅੰਤ ਪਿਆਰ ਨੇ ਹਰ ਵਾਰ ਇਸ ਗੱਲ ਨੂੰ ਗਲਤ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਲੋਕਾਂ ਦਾ ਇਹ ਪਿਆਰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪੁੱਤਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ। ਆਪਣੇ ‘ਸ਼ੇਰ ਪੁੱਤ’ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਲਿਖਿਆ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤ ਤੋਂ ਬਿਨਾਂ ਜਿਊਣਾ ਤਾਂ ਸਿਖਾ ਦਿੱਤਾ, ਪਰ ਉਸ ਨੂੰ ਭੁਲਾਉਣਾ ਨਹੀਂ ਸਿਖਾਇਆ। ਦੂਜੇ ਪਾਸੇ, ਮਾਤਾ ਚਰਨ ਕੌਰ ਨੇ ਵੀ ਇੱਕ ਦਰਦਨਾਕ ਪੋਸਟ ਰਾਹੀਂ ਆਪਣੇ ਜਜ਼ਬਾਤ ਸਾਂਝੇ ਕੀਤੇ। ਉਨ੍ਹਾਂ ਲਿਖਿਆ, “ਅੱਜ ਤੇਰੇ ਬਿਨਾਂ ਤੇਰਾ ਚੌਥਾ ਜਨਮਦਿਨ ਹੈ। ਚਾਰ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ, ਪਰ ਇੱਕ ਚੀਜ਼ ਨਹੀਂ ਬਦਲੀ- ਤੇਰੀ ਉਡੀਕ। ਅੱਜ ਵੀ ਜਦੋਂ ਮੈਂ ਤੇਰੇ ਕਮਰੇ ਦੇ ਅੱਗੋਂ ਲੰਘਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਤੂੰ ਦਰਵਾਜ਼ਾ ਖੋਲ੍ਹ ਕੇ ਬਾਹਰ ਆਵੇਂਗਾ। ਜ਼ਿੰਦਗੀ ਦੇ ਹਰ ਸੁੱਖ-ਦੁੱਖ ਵਿੱਚ ਸਭ ਤੋਂ ਪਹਿਲਾਂ ਤੇਰਾ ਹੀ ਖਿਆਲ ਆਉਂਦਾ ਹੈ।” ਉਨ੍ਹਾਂ ਅੱਗੇ ਲਿਖਿਆ ਕਿ ਦੁਨੀਆ ਲਈ ਉਹ ਭਾਵੇਂ ਕਿੱਡਾ ਵੱਡਾ ਨਾਮ ਹੋਵੇ, ਪਰ ਉਨ੍ਹਾਂ ਲਈ ਉਹ ਅੱਜ ਵੀ ਉਹੀ ਛੋਟਾ ਬੱਚਾ ਹੈ ਜਿਸ ਨੂੰ ਉਨ੍ਹਾਂ ਨੇ ਆਪਣੀ ਗੋਦੀ ਵਿੱਚ ਖਿਡਾਇਆ ਸੀ।

ਹੋਲੋਗ੍ਰਾਮ ਤਕਨੀਕ ਰਾਹੀਂ ਵਿਸ਼ਵ ਦੌਰੇ ਦੀ ਤਿਆਰੀ

13 ਗੀਤ ਹੋ ਚੁੱਕੇ ਨੇ ਰਿਲੀਜ਼

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਉਸ ਦੀ ਟੀਮ ਵੱਲੋਂ ਹੁਣ ਤੱਕ ਉਸ ਦੀ ਆਵਾਜ਼ ਵਿੱਚ 13 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ, ਪ੍ਰਸ਼ੰਸਕਾਂ ਲਈ ਜਲਦੀ ਹੀ ਮੂਸੇਵਾਲਾ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’ (Signed to God World Tour) ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰੇ ਵਿੱਚ 3D ਹੋਲੋਗ੍ਰਾਮ ਪ੍ਰੋਜੈਕਸ਼ਨ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਪੇਸ਼ਕਾਰੀ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਇਹ ਟੂਰ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਕੇ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਅੱਠ ਦੇਸ਼ਾਂ ਵਿੱਚ ਕਰਵਾਇਆ ਜਾਵੇਗਾ।

ਯਾਦ ਰਹੇ ਕਿ 11 ਜੂਨ 1993 ਨੂੰ ਜਨਮੇ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਮਹਿਜ਼ 28 ਸਾਲ ਦੀ ਉਮਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਵੀ ਲੜੀ ਸੀ। ਅੱਜ ਉਸ ਦੇ ਜਨਮ ਦਿਨ ’ਤੇ ਦੇਸ਼-ਵਿਦੇਸ਼ ਤੋਂ ਲੱਖਾਂ ਪ੍ਰਸ਼ੰਸਕ ਪੋਸਟਾਂ ਪਾ ਕੇ ਆਪਣੇ ਮਹਿਬੂਬ ਗਾਇਕ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।

Share: