ਕਾਬੁਲ : ਅਫ਼ਗ਼ਾਨਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਮੁਲਕ ਨੂੰ ਨਵੇਂ ਸਿਰਿਓਂ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 14 ਹੋਰ ਜ਼ਖ਼ਮੀ ਹੋ ਗਏ। ਦੋਵਾਂ ਮੁਲਕਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਟਕਰਾਅ ਜਾਰੀ ਹੈ, ਜਿਸ ਵਿੱਚ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ। ਤਾਲਿਬਾਨ ਦੇ ਮੁੱਖ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਸੱਜਰੇ ਹਵਾਈ ਹਮਲਿਆਂ ਵਿੱਚ ਅਫ਼ਗ਼ਾਨ ਦੇ ਖੋਸਟ, ਕੁਨਰ ਤੇ ਪਕਤੀਕਾ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 11 ਬੱਚਿਆਂ, ਮਹਿਲਾ ਤੇ ਬਜ਼ੁਰਗ ਦੀ ਮੌਤ ਹੋ ਗਈ। ਉਂਝ, ਪਾਕਿਸਤਾਨ ਨੇ ਫੌਰੀ ਅਜੇ ਹਮਲਿਆਂ ਦੀ ਗੱਲ ਨਹੀਂ ਕਬੂਲੀ ਹੈ। ਇਹ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂਕਿ ਸ਼ੱਕੀ ਪਾਕਿਸਤਾਨੀ ਤਾਲਿਬਾਨ ਦਹਿਸ਼ਤਗਰਦਾਂ ਨੇ ਅਫ਼ਗ਼ਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਹਸਲ ਖੇਲਾ ਇਲਾਕੇ ਵਿੱਚ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਫੈਡਰਲ ਕੌਂਸਟੈਬੁਲਰੀ ਦੇ ਛੇ ਮੈਂਬਰ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਮੁਕਾਮੀ ਅਥਾਰਿਟੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਸਲਾਮਤੀ ਦਸਤਿਆਂ ਨੇ ਅੱਠ ਹਮਲਾਵਰਾਂ ਨੂੰ ਮਾਰ ਮੁਕਾਇਆ ਤੇ ਸੁਰੱਖਿਆ ਚੌਕੀ ’ਤੇ ਕਬਜ਼ੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਗ੍ਰਹਿ ਮੰਤਰੀ ਮੋਹਸਿਨ ਨਕਵੀ ਮਗਰੋਂ ਪੇਸ਼ਾਵਰ ਵਿੱਚ ਮਾਰੇ ਗਏ ਅਮਲੇ ਦੀਆਂ ਅੰਤਿਮ ਰਸਮਾਂ ’ਚ ਵੀ ਸ਼ਾਮਲ ਹੋਏ।
Posted inAfghanistan
Pakistan Afghanistan border conflict: ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਹਵਾਈ ਹਮਲੇ, 13 ਹਲਾਕ

