ਬਰਨਾਲਾ : ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਨੇ ਬਰਨਾਲਾ ’ਚ ਪਲੇਠੀ ਸਿਆਸੀ ਸਰਗਰਮੀ ਕਰਦਿਆਂ ਪਾਰਟੀ ਆਗੂ ਅਤੇ ਸਾਬਕਾ ਐੱਸ ਜੀ ਪੀ ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੂੰ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਜੂਨ 1984 ਵਿੱਚ ਅਕਾਲ ਤਖ਼ਤ ’ਤੇ ਹੋਇਆ ਹਮਲਾ ਸਿੱਖ ਕੌਮ ਲਈ ਤੀਜਾ ਘੱਲੂਘਾਰਾ ਸੀ, ਜਿਸ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਉਨ੍ਹਾਂ ਮੰਗ ਕੀਤੀ ਕਿ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਤੋਂ ਭਾਰਤ ਰਤਨ ਸਨਮਾਨ ਤੁਰੰਤ ਵਾਪਸ ਲਿਆ ਜਾਵੇ ਅਤੇ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਰੱਖਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਸਬੰਧੀ ਕਿਹਾ ਕਿ ਇਸ ਦੀਆਂ ਤਰੁੱਟੀਆਂ ਦੂਰ ਕਰ ਕੇ ਕੌਮ ਦੇ ਤੌਖਲੇ ਖ਼ਤਮ ਕੀਤੇ ਜਾਣ। ਉਨ੍ਹਾਂ ਸਮੂਹ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਹਮੇਸ਼ਾ ਪੰਥਕ ਏਕਤਾ ਦੀ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਾਰਟੀ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਮੰਗ ਪੱਤਰ ਰਾਹੀਂ 35-40 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ, ਕਿਸਾਨਾਂ ਲਈ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਸੌਂਪਣ ਮੰਗਾਂ ਉਭਾਰੀਆਂ ਗਈਆਂ। ਇਸ ਮੌਕੇ ਹਰਦੀਪ ਸਿੰਘ ਘੁੰਨਸ, ਤਰਨਜੀਤ ਸਿੰਘ ਦੁੱਗਲ ਅਤੇ ਬਿੰਦਰ ਸਿੰਘ ਉੱਗੋਕੇ ਹਾਜ਼ਰ ਸਨ।
Posted inBarnala
ਬੇਅਦਬੀ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰੇ ਸਰਕਾਰ: ਲੌਂਗੋਵਾਲ

