ਵਿਨੀਪੈੱਗ : ਅਮਰੀਕਾ ਅਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ, ਪਰੇਸ਼ਾਨ ਕਰਨ ਅਤੇ ਹੋਰ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਨਾਲ ਸਬੰਧਿਤ ਚਿੰਤਾਵਾਂ ਤੋਂ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੌਰਾਨ ਅਧਿਕਾਰੀ ਕਥਿਤ ਤੌਰ ‘ਤੇ ਡਰਾਈਵਰਾਂ ਦੇ ਲੈਪਟਾਪ ,ਮੋਬਾਈਲ ਫੋਨਾਂ ਦੀ ਅਸ਼ਲੀਲ ਸਮਗਰੀ, ਸ਼ੱਕੀ ਵੱਟਸਐਪ ਗਰੁੱਪ, ਨਾਬਾਲਗਾਂ ਨਾਲ ਸਬੰਧਿਤ ਗੈਰ-ਕਾਨੂੰਨੀ ਸਮਗਰੀ, ਅਤਿਵਾਦ ਨਾਲ ਸਬੰਧਿਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਬਾਰੇ ਜਾਂ ਹਥਿਆਰਾਂ ਨਾਲ ਸਬੰਧਿਤ ਸਮਗਰੀ ਦੀ ਜਾਂਚ ਕਰ ਰਹੇ ਹਨ।
ਨੋਵਾ ਸਕੋਸ਼ੀਆ ਦੀ ਇੱਕ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਉੱਪਲ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਇਸ ਗੰਭੀਰ ਸਥਿਤੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਾਰਡਰ ‘ਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਚੈਕਿੰਗ ਬਹੁਤ ਵਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਕਿ ਬਾਰਡਰ ਕਰਾਸ ਕਰਨ ਤੋਂ ਪਹਿਲਾਂ ਆਪਣੇ ਫ਼ੋਨ ਪੂਰੀ ਤਰ੍ਹਾਂ ਕਲੀਨ ਰੱਖਣ।
ਜੇ ਫ਼ੋਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫ਼ੋਟੋਆਂ, ਗੈਂਗਸਟਰ ਕਲਚਰ ਨਾਲ ਸਬੰਧਿਤ ਚੈਟਸ ਜਾਂ ਕੋਈ ਸ਼ੱਕੀ ਵੱਟਸਐਪ ਗਰੁੱਪ ਮਿਲਦਾ ਹੈ, ਤਾਂ ਅਮਰੀਕੀ ਅਧਿਕਾਰੀ ਸਖ਼ਤ ਲੀਗਲ ਐਕਸ਼ਨ ਲੈ ਰਹੇ ਹਨ।
ਤਰਨਜੀਤ ਸਿੰਘ ਉੱਪਲ ਨੇ ਪੰਜਾਬੀ ਭਾਈਚਾਰੇ ਨੂੰ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਜਾਂ ਭਾਰਤ ਵਿੱਚ ਅਕਸਰ ਰਿਸ਼ਤੇਦਾਰ ਪਰਿਵਾਰ ਵਿੱਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ (ਨਗਨ) ਦੀਆਂ ਫ਼ੋਟੋਆਂ ਵੱਟਸਐਪ ‘ਤੇ ਸ਼ੇਅਰ ਕਰ ਦਿੰਦੇ ਹਨ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨ ਮੁਤਾਬਕ ਅਜਿਹੀਆਂ ਫ਼ੋਟੋਆਂ ਨੂੰ ‘ਚਾਈਲਡ ਪੋਰਨੋਗ੍ਰਾਫੀ’ (ਬਾਲ ਅਸ਼ਲੀਲਤਾ) ਦੇ ਦਾਇਰੇ ਵਿੱਚ ਰੱਖਿਆ ਜਾਂਦਾ ਹੈ।
ਅਜਿਹਾ ਮਟੀਰੀਅਲ ਫ਼ੋਨ ਵਿੱਚ ਹੋਣ ‘ਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਅਮਰੀਕੀ ਬਾਰਡਰ ਸਕਿਉਰਿਟੀ ਵੱਲੋਂ ਜਾਰੀ ਕੀਤੇ ਗਏ ਡਾਟਾ ਮੁਤਾਬਕ, ਉਨ੍ਹਾਂ ਨੇ ਪਿਛਲੇ ਸਾਲ ਦੌਰਾਨ ਲਗਪਗ 55,000 ਅਤੇ ਇਸ ਸਾਲ ਤਕਰੀਬਨ 32349 ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਕੀਤੀ ਹੈ।
ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ‘ਤੇ ਥੋੜ੍ਹਾ ਜਿਹਾ ਵੀ ਸ਼ੱਕ ਹੁੰਦਾ ਹੈ, ਤਾਂ ਉਹ ਜਾਂਚ ਲਈ ਫ਼ੋਨ ਨੂੰ 3-4 ਘੰਟੇ ਆਪਣੇ ਕੋਲ ਰੱਖ ਸਕਦੇ ਹਨ। ਡਰਾਈਵਰ ਫ਼ੋਨ ਦਾ ਪਾਸਵਰਡ ਜਾਂ ਪਿੰਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫ਼ੋਨ ਚੈੱਕ ਕਰਵਾਉਣ ਤੋਂ ਮਨ੍ਹਾ ਕਰਦਾ ਹੈ, ਤਾਂ ਅਧਿਕਾਰੀਆਂ ਕੋਲ ਉਸ ਨੂੰ ਯੂ ਐੱਸ ਵਿੱਚ ਐਂਟਰੀ ਦੇਣ ਤੋਂ ਰੋਕਣ ਅਤੇ ਉਸ ਦਾ ਡਿਵਾਈਸ ਜ਼ਬਤ ਕਰਨ ਦਾ ਪੂਰਾ ਅਧਿਕਾਰ ਹੈ।
ਜੇ ਫ਼ੋਨ ਵਿੱਚ ਕੋਈ ਗੰਭੀਰ ਡਾਟਾ ਮਿਲਦਾ ਹੈ, ਤਾਂ ਫ਼ੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਅਤੇ ਡਰਾਈਵਰ ‘ਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ,ਜੇਕਰ ਫ਼ੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਹੈ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਪਲੈਨਿੰਗ ਕਰ ਰਿਹਾ ਹੈ, ਤਾਂ ਵੀ ਵਰਕ ਪਰਮਿਟ ਜਾਂ ਪੀਆਰ (PR) ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਹਨ। ਨਾਲ ਹੀ, ਡਰਾਈਵਰਾਂ ਨੂੰ ਆਪਣੇ ਟਰੱਕ ਵਿੱਚ ਰੱਖੀਆਂ ਮੈਡੀਸਨ (ਦਵਾਈਆਂ) ਲਈ ਡਾਕਟਰ ਦੀ ਪਰਚੀ ਯਾਨੀ ਪ੍ਰਿਸਕ੍ਰਿਪਸ਼ਨ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ ਹੈ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਹੇਠ ਵੀ ਕਾਰਵਾਈ ਹੋ ਸਕਦੀ ਹੈ।
ਵਕੀਲਾਂ ਦਾ ਸਾਫ਼ ਕਹਿਣਾ ਹੈ ਕਿ ਬਾਰਡਰ ‘ਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਕੋਲ ਵਕੀਲ ਨੂੰ ਬੁਲਾਉਣ ਦਾ ਕੋਈ ਲੀਗਲ ਅਧਿਕਾਰ ਨਹੀਂ ਹੁੰਦਾ। ਉੱਥੇ ਅਧਿਕਾਰੀਆਂ ਨਾਲ ਬਹਿਸ ਕਰਨ ਜਾਂ ਝੂਠ ਬੋਲਣ ਨਾਲ ਕੇਸ ਹੋਰ ਵੀ ਖ਼ਰਾਬ ਹੋ ਸਕਦਾ ਹੈ। ਬਹੁਤੇ ਡਰਾਈਵਰ ਇਹ ਸੋਚ ਕੇ ਲਾਪਰਵਾਹੀ ਵਰਤਦੇ ਹਨ ਕਿ ਉਹ ਕਈ ਵਾਰ ਬਾਰਡਰ ਪਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਫ਼ੋਨ ਕਦੇ ਚੈੱਕ ਨਹੀਂ ਹੋਇਆ, ਪਰ ਅਧਿਕਾਰੀ ਐਡਵਾਂਸਡ ਲਾਇਸੈਂਸ ਪਲੇਟ ਰੀਡਰ ਅਤੇ ਰੂਟ ਟ੍ਰੈਕਰਜ਼ ਦੇ ਡੇਟਾ ਦੇ ਆਧਾਰ ‘ਤੇ ਰੈਂਡਮ ਚੈਕਿੰਗ ਕਰਦੇ ਹਨ। ਇਸ ਲਈ ਸੁਰੱਖਿਆ ਦੇ ਲਿਹਾਜ਼ ਨਾਲ, ਸਾਰੇ ਡਰਾਈਵਰਾਂ ਨੂੰ ਬਾਰਡਰ ‘ਤੇ ਪਹੁੰਚਣ ਤੋਂ ਪਹਿਲਾਂ ਆਪਣੇ ਫੋਨਾਂ ਵਿੱਚੋਂ ਹਰ ਤਰ੍ਹਾਂ ਦੀਆਂ ਬੇਲੋੜੀਆਂ, ਸੰਵੇਦਨਸ਼ੀਲ ਚੈਟਾਂ ਅਤੇ ਇਤਰਾਜ਼ਯੋਗ ਮੀਡੀਆ ਫਾਈਲਾਂ,ਨੂੰ ਪੂਰੀ ਤਰ੍ਹਾਂ ਡਿਲੀਟ ਕਰ ਦੇਣਾ ਚਾਹੀਦਾ ਹੈ।

