US ਦੇ ਨਿਆਂ ਵਿਭਾਗ ਵਲੋਂ Adani ਖਿਲਾਫ ਕੇਸ ਪੱਕੇ ਤੌਰ ’ਤੇ ਬੰਦ

US ਦੇ ਨਿਆਂ ਵਿਭਾਗ ਵਲੋਂ Adani ਖਿਲਾਫ ਕੇਸ ਪੱਕੇ ਤੌਰ ’ਤੇ ਬੰਦ

ਨਿਊਯਾਰਕ : ਅਮਰੀਕੀ ਨਿਆ ਵਿਭਾਗ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਖ਼ਿਲਾਫ਼ ਲਗਾਏ ਗਏ ਸਾਰੇ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ’ਤੇ ਵਾਪਸ ਲੈ ਲਿਆ ਹੈ। ਇਸ ਫੈਸਲੇ ਨਾਲ ਨਿਊਯਾਰਕ ਦੀ ਅਦਾਲਤ ਵਿੱਚ ਚੱਲ ਰਿਹਾ ਬਹੁਚਰਚਿਤ ਸਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਅਮਰੀਕੀ ਵਕੀਲਾਂ ਨੇ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕਰਕੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਦੀ ਪੈਰਵੀ ਕਰਨ ਦੇ ਸਮਰੱਥ ਨਹੀਂ ਹਨ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਅੰਦਰ ਅਡਾਨੀ ਸਮੂਹ ਨਾਲ ਸਬੰਧਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਹਨ।

ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਅਦਾਲਤ ਵਿੱਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਹੈ ਕਿ ਉਹ ਇਨ੍ਹਾਂ ਅਪਰਾਧਿਕ ਦੋਸ਼ਾਂ ‘ਤੇ ਹੁਣ ਹੋਰ ਸਮਾਂ ਬਰਬਾਦ ਨਹੀਂ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ‘ਸਥਾਈ ਤੌਰ ‘ਤੇ ਖਾਰਜ’ (Dismissed with Prejudice) ਕਰ ਦਿੱਤਾ, ਜਿਸ ਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਵਿੱਚ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ। ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪਿਛਲੇ ਹਫ਼ਤੇ ਹੀ ਅਮਰੀਕੀ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੇ ਸੌਰ ਊਰਜਾ ਪ੍ਰਾਜੈਕਟਾਂ ਨਾਲ ਸਬੰਧਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਵਿੱਚ ਸਿਵਲ ਦੋਸ਼ਾਂ ਦਾ ਨਿਪਟਾਰਾ ਕੀਤਾ ਸੀ, ਜਿਸ ਵਿੱਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ 60 ਲੱਖ ਡਾਲਰ ਅਤੇ ਸਾਗਰ ਅਡਾਨੀ ਨੇ 120 ਲੱਖ ਡਾਲਰ ਦਾ ਭੁਗਤਾਨ ਕਰਨ ‘ਤੇ ਸਹਿਮਤੀ ਜਤਾਈ ਸੀ।

ਇਹ ਮਾਮਲਾ ਸਾਲ 2024 ਦੇ ਅੰਤ ਵਿੱਚ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਨਾਲ ਜੁੜੇ ਕਥਿਤ 26.5 ਕਰੋੜ ਡਾਲਰ ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਤੋਂ ਪੂੰਜੀ ਇਕੱਠੀ ਕੀਤੀ ਸੀ ਪਰ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਵਿੱਚ ਚਲਾ ਗਿਆ ਜਦੋਂ ਜਾਂਚ ਦੌਰਾਨ ਅਮਰੀਕਾ ਨਾਲ ਕੋਈ ਸਿੱਧਾ ਸਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਠੋਸ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਅਤੇ ਕਾਨੂੰਨੀ ਸਲਾਹਕਾਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ ਹੈ।

ਅਮਰੀਕੀ ਅਦਾਲਤ ਵਿੱਚ 7 ਅਪ੍ਰੈਲ 2026 ਨੂੰ ਜਨਤਕ ਤੌਰ ‘ਤੇ ਦਾਖਲ ਕੀਤੇ ਗਏ ਦਸਤਾਵੇਜ਼ਾਂ ਵਿੱਚ ਅਡਾਨੀ ਦੇ ਵਕੀਲਾਂ ਨੇ ਐਸ.ਈ.ਸੀ. (SEC) ਦੀ ਕਾਰਵਾਈ ਨੂੰ ਸਖ਼ਤ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਇਸ ਨੂੰ ਅਮਰੀਕੀ ਸਿਕਿਉਰਿਟੀਜ਼ ਕਾਨੂੰਨਾਂ ਦਾ ‘ਲੋੜ ਤੋਂ ਵੱਧ ਖੇਤਰੀ ਵਿਸਤਾਰ’ (Over-broad Territorial Extension) ਦੱਸਿਆ ਸੀ। ਕਾਨੂੰਨੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਸੀ ਕਿ ਐਸ.ਈ.ਸੀ. ਕੋਲ ਇਸ ਮਾਮਲੇ ਵਿੱਚ ਲੋੜੀਂਦਾ ਅਧਿਕਾਰ ਖੇਤਰ (Jurisdiction) ਹੀ ਨਹੀਂ ਸੀ, ਉਹ ਕੋਈ ਠੋਸ ਗਲਤਬਿਆਨੀ ਸਾਬਤ ਨਹੀਂ ਕਰ ਸਕਿਆ ਅਤੇ ਨਾ ਹੀ ਕਿਸੇ ਬਚਾਅ ਪੱਖ ਦੇ ਮੈਂਬਰ ਨੂੰ ਬਾਂਡ ਜਾਰੀ ਕਰਨ ਦੀ ਪ੍ਰਕਿਰਿਆ ਨਾਲ ਸਿੱਧੇ ਤੌਰ ‘ਤੇ ਜੋੜਿਆ ਜਾ ਸਕਿਆ।

ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਰਿਹਾ ਕਿ ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਵਿਨੀਤ ਜੈਨ ‘ਤੇ ਕੇਵਲ ਸਿਕਿਉਰਿਟੀਜ਼ ਅਤੇ ‘ਵਾਇਰ’ ਧੋਖਾਧੜੀ ਨਾਲ ਜੁੜੀਆਂ ਧਾਰਾਵਾਂ ਤਹਿਤ ਹੀ ਦੋਸ਼ ਲਗਾਏ ਗਏ ਸਨ। ਉਨ੍ਹਾਂ ਨੂੰ ਵਧੇਰੇ ਗੰਭੀਰ ਮੰਨੇ ਜਾਣ ਵਾਲੇ ਫੌਰਨ ਕੁਰੱਪਟ ਪ੍ਰੈਕਟਿਸਿਜ਼ ਐਕਟ (FCPA) ਦੇ ਰਿਸ਼ਵਤਖੋਰੀ ਜਾਂ ਜਾਂਚ ਵਿੱਚ ਰੁਕਾਵਟ ਪਾਉਣ ਵਰਗੇ ਦੋਸ਼ਾਂ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਸਮੀਖਿਆ ਤੋਂ ਬਾਅਦ ਕੇਸ ਦਾ ਆਧਾਰ ਕਮਜ਼ੋਰ ਹੋ ਗਿਆ ਅਤੇ ਅਮਰੀਕੀ ਨਿਆ ਵਿਭਾਗ ਨੇ ਇਸ ਮਾਮਲੇ ਨੂੰ ਸਥਾਈ ਤੌਰ ‘ਤੇ ਬੰਦ ਕਰਨ ਦਾ ਕਦਮ ਚੁੱਕਿਆ।

Share: