ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦਿਨੇ ਈ ਡੀ ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਵਿੱਚ ਸਿੰਗਲਾ ਦੇ ਘਰ ’ਤੇ ਛਾਪਾ ਮਾਰਿਆ। ਅਧਿਕਾਰੀਆਂ ਅਨੁਸਾਰ ਏਜੰਸੀ ਨੇ ਦਿੱਲੀ ਅਤੇ ਗੋਆ ਵਿੱਚ ਛਾਪੇ ਮਾਰੇ ਹਨ।
ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਈ ਡੀ ਨੇ 2024 ਵਿੱਚ ਇੱਕ ਹੋਰ ਜਾਂਚ ਦੇ ਸਿਲਸਿਲੇ ਵਿੱਚ ਉਨ੍ਹਾਂ ਦੇ ਟਿਕਾਣੇ ’ਤੇ ਛਾਪਾ ਮਾਰਿਆ ਸੀ। ਮਾਮਲੇ ’ਚ ਟਿੱਪਣੀ ਲਈ ਸਿੰਗਲਾ ਨਾਲ ਸੰਪਰਕ ਨਹੀਂ ਹੋ ਸਕਿਆ। ਇਸੇ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਿਵੇਸ਼ ਧੋਖਾਧੜੀ ਨਾਲ ਜੁੜੇ ਮਾਮਲੇ ’ਚ ਵੀ ਤਲਾਸ਼ੀਆਂ ਲਈਆਂ ਜਿਸ ਵਿੱਚ ਤਕਰੀਬਨ 180 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਵਿੱਚ ਬਾਬਾਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਦੇ ਟਿਕਾਣੇ ’ਤੇ ਛਾਪਾ ਮਾਰਿਆ ਗਿਆ ਹੈ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਆਤਿਸ਼ੀ ਨੇ ਇਸ ਘਟਨਾ ਸਬੰਧੀ ਐਕਸ ’ਤੇ ਕਿਹਾ ਕਿ ਇਹ ਤਲਾਸ਼ੀਆਂ ਗੋਆ ਵਿੱਚ ਆਮ ਆਦਮੀ ਪਾਰਟੀ ਦੀ ‘ਵਧਦੀ ਹਰਮਨਪਿਆਰਤਾ’ ਕਾਰਨ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਰਾਹੀਂ ਪਾਰਟੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਸਵੇਰ ਤੋਂ ਪਾਰਟੀ ਦੇ ਗੋਆ ਦੇ ਸਹਿ-ਇੰਚਾਰਜ ਦੀਪਕ ਸਿੰਗਲਾ ਦੇ ਨਾਲ-ਨਾਲ ਗੋਆ ਵਿੱਚ ਪਾਰਟੀ ਦੇ ਕੁਝ ਵਾਲੰਟੀਅਰਾਂ ਦੇ ਘਰਾਂ ’ਤੇ ਵੀ ਈ ਡੀ ਨੇ ਛਾਪੇ ਮਾਰੇ ਹਨ।
ਸਿੰਗਲਾ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ: ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਆਗੂ ਦੀਪਕ ਸਿੰਗਲਾ ਦੀ ਗ੍ਰਿਫ਼ਤਾਰੀ ਮਗਰੋਂ ਕਿਹਾ ਕਿ ਸਿੰਗਲਾ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਕੇਜਰੀਵਾਲ ਨੇ ਐਕਸ ’ਤੇ ਕਿਹਾ, ‘‘ਦੀਪਕ ਸਿੰਗਲਾ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿ ਉਨ੍ਹਾਂ ਕੁਝ ਗਲਤ ਕੀਤਾ ਸੀ; ਬਲਕਿ ਉਨ੍ਹਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਭਾਜਪਾ ਖ਼ਿਲਾਫ਼ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਦੀਪਕ ਬਹਾਦਰ ਹਨ ਅਤੇ ਦੇਸ਼ ਲਈ ਲੜ ਰਹੇ ਹਨ।’’ ਕੇਜਰੀਵਾਲ ਨੇ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀ ਵੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ‘ਬਹਾਦਰ ਅਤੇ ਦੇਸ਼ ਭਗਤ’ ਦੱਸਿਆ।

