ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਮੈਰਿਟ ਸੂਚੀ ਵਿੱਚ ਕੁੜੀਆਂ ਨੇ ਮੁੜ ਆਪਣਾ ਦਬਦਬਾ ਬਣਾਇਆ ਹੈ। ਸੂਬੇ ਦੇ ਪਹਿਲੇ ਤਿੰਨੋਂ ਸਥਾਨਾਂ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ।
| ਸਥਾਨ | ਵਿਦਿਆਰਥਣ ਦਾ ਨਾਂ | ਸਕੂਲ ਦਾ ਨਾਂ | ਜ਼ਿਲ੍ਹਾ | ਰੋਲ ਨੰਬਰ | ਅੰਕ |
| ਪਹਿਲਾ | ਸੁਪਨੀਤ ਕੌਰ | ਗੁਰੂ ਕੁਲ ਅਕੈਡਮੀ ਪਬਲਿਕ ਸੀਨੀ. ਸੈਕੰ. ਸਕੂਲ, ਉੱਭਾ | ਮਾਨਸਾ | 2026184632 | 500/500 |
| ਦੂਜਾ | ਸੁਹਾਨੀ ਚੌਹਾਨ | ਬੀ.ਸੀ.ਐਮ. ਸੀਨੀ. ਸੈਕੰ. ਸਕੂਲ, ਜਮਾਲਪੁਰ ਕਲੋਨੀ | ਲੁਧਿਆਣਾ | 2026482108 | 500/500 |
| ਤੀਜਾ | ਦਿਵਾਂਸ਼ੀ | ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ. ਸਕੂਲ, ਸ਼ਿਮਲਾਪੁਰੀ | ਲੁਧਿਆਣਾ | 2026494333 | 500/500 |
ਬੋਰਡ ਚੇਅਰਮੈਨ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਖੇਡ ਕੋਟੇ ਦੇ ਵਾਧੂ ਅੰਕ ਵੀ ਪ੍ਰਾਪਤ ਹੋਏ ਹਨ:
- ਸੁਪਨੀਤ ਕੌਰ (ਪਹਿਲਾ ਸਥਾਨ): ਇਹ ਹੋਣਹਾਰ ਵਿਦਿਆਰਥਣ ਸ਼ੂਟਿੰਗ ਦੀ ਖਿਡਾਰਨ ਹੈ ਅਤੇ ਰਾਸ਼ਟਰੀ (ਨੈਸ਼ਨਲ) ਪੱਧਰ ’ਤੇ ਮੈਡਲ ਜਿੱਤ ਚੁੱਕੀ ਹੈ।
- ਸੁਹਾਨੀ ਚੌਹਾਨ (ਦੂਜਾ ਸਥਾਨ): ਸੁਹਾਨੀ ਬੇਸਬਾਲ ਦੀ ਖਿਡਾਰਨ ਹੈ, ਜਿਸ ਨੇ ਪੰਜਾਬ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ।
- ਦਿਵਾਂਸ਼ੀ (ਤੀਜਾ ਸਥਾਨ): ਦਿਵਵਾਂਸੀ ਸੌਫਟਬਾਲ ਦੀ ਖਿਡਾਰਨ ਹੈ, ਜਿਸ ਨੇ ਰਾਜ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਹੇਠ ਲਿਖੇ STEPS ਰਾਹੀਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ
STEP 01- ਅਧਿਕਾਰਿਕ ਵੈੱਬਸਾਈਟ pseb.ac.in ’ਤੇ ਜਾਓ।
STEP 02- ਹੋਮਪੇਜ ‘ਤੇ ਦਿੱਤੇ “PSEB Class 12 Result 2026” ਲਿੰਕ ‘ਤੇ ਕਲਿੱਕ ਕਰੋ।
STEP 03- ਮੰਗੇ ਗਏ ਖਾਣੇ ਵਿੱਚ ਆਪਣਾ ਰੋਲ ਨੰਬਰ ਦਰਜ ਕਰੋ।
STEP 04- ਨਤੀਜਾ ਵੇਖਣ ਲਈ ਵੇਰਵੇ ਸਬਮਿਟ ਕਰੋ।
STEP 05- ਅਸਥਾਈ ਮਾਰਕਸ਼ੀਟ ਡਾਊਨਲੋਡ ਕਰਕੇ ਭਵਿੱਖ ਲਈ ਸੰਭਾਲ ਕੇ ਰੱਖੋ।
ਮਾਨਸਾ ਤੇ ਲੁਧਿਆਣਾ ਵਿੱਚ ਖੁਸ਼ੀ ਦੀ ਲਹਿਰ
ਨਤੀਜਿਆਂ ਤੋਂ ਬਾਅਦ ਜਿੱਥੇ ਮਾਨਸਾ ਦੇ ਪਿੰਡ ਉੱਭਾ ਵਿੱਚ ਸੁਪਨੀਤ ਕੌਰ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਦੋ ਸਕੂਲਾਂ ਨੇ ਸੂਬੇ ਦੀ ਮੈਰਿਟ ਵਿੱਚ ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਸਨਅਤੀ ਸ਼ਹਿਰ ਦਾ ਨਾਂ ਸਿੱਖਿਆ ਦੇ ਖੇਤਰ ਵਿੱਚ ਉੱਚਾ ਕੀਤਾ ਹੈ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥਣਾਂ ਦੀ ਇਸ ਬੇਮਿਸਾਲ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
