ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ ਨੇ 157.12 ਕਰੋੜ ਰੁਪਏ ਦੇ ਫਰਜ਼ੀ ਨਿਰਯਾਤ ਨਾਲ ਸਬੰਧਤ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਮਾਮਲੇ ਵਿੱਚ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼ ਅਤੇ ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ ‘ਤੇ ਜ਼ਬਤ (attach) ਕਰ ਲਿਆ ਹੈ। ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA), 1999 ਦੀ ਧਾਰਾ 37(3) ਅਤੇ ਇਨਕਮ ਟੈਕਸ ਐਕਟ ਦੀ ਧਾਰਾ 132(9B) ਤਹਿਤ 19 ਅਪਰੈਲ ਨੂੰ ਜਾਰੀ ਕੀਤੇ ਗਏ ਜ਼ਬਤੀ ਦੇ ਹੁਕਮਾਂ ਵਿੱਚ ਮਾਲੀਏ ਦੇ ਹਿੱਤਾਂ ਦੀ ਰਾਖੀ ਅਤੇ ਅਗਲੇਰੀ ਜਾਂਚ ਦੀ ਸਹੂਲਤ ਲਈ ਇਨ੍ਹਾਂ ਸੰਪਤੀਆਂ ਨੂੰ 180 ਦਿਨਾਂ ਲਈ ਫ੍ਰੀਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਈਡੀ ਦੀ ਇਹ ਕਾਰਵਾਈ 17 ਅਪਰੈਲ ਨੂੰ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਕੰਪਲੈਕਸ, ਇਸ ਦੇ ਮੁੱਖ ਸ਼ੇਅਰਧਾਰਕ ਮੈਸਰਜ਼ ਫਾਈਨਡੌਕ ਫਿਨਵੈਸਟ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ ਅਤੇ ਸੰਜੀਵ ਅਰੋੜਾ, ਕਾਵਿਆ ਅਰੋੜਾ, ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨਾਲ ਸਬੰਧਤ ਟਿਕਾਣਿਆਂ ‘ਤੇ ਕੀਤੀ ਗਈ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਆਰਜ਼ੀ ਜ਼ਬਤੀ ਦੇ ਹੁਕਮਾਂ ਅਨੁਸਾਰ ਕੰਪਨੀ ਨੇ ਕਥਿਤ ਤੌਰ ‘ਤੇ ਆਪਣੇ ਡਾਇਰੈਕਟਰਾਂ, ਕਰਮਚਾਰੀਆਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਜਾਅਲੀ ਵਿਕਰੀ ਅਤੇ ਨਿਰਯਾਤ ਦਿਖਾਉਣ ਲਈ ਸ਼ੈੱਲ ਇਕਾਈਆਂ ਦੇ ਨੈਟਵਰਕ ਰਾਹੀਂ ਫਰਜ਼ੀ ਖਰੀਦ ਇਨਵੌਇਸ ਤਿਆਰ ਕੀਤੇ ਸਨ।
ਈਡੀ ਨੇ ਦੋਸ਼ ਲਾਇਆ ਹੈ ਕਿ ਕੁੱਲ 157.12 ਕਰੋੜ ਰੁਪਏ ਦੇ ਦਾਅਵੇ ਵਾਲੇ ਨਿਰਯਾਤ ਵਿੱਚੋਂ 102.50 ਕਰੋੜ ਰੁਪਏ ਦੇ ਲੈਣ-ਦੇਣ ਸਿਰਫ਼ ਦੋ ਯੂਏਈ (UAE) ਅਧਾਰਤ ਇਕਾਈਆਂ — ਮੈਸਰਜ਼ ਫੋਰਟਬੈਲ ਟੈਲੀਕਾਮ FZCO ਅਤੇ ਮੈਸਰਜ਼ ਡਰੈਗਨ ਗਲੋਬਲ FZCO — ਰਾਹੀਂ ਕੀਤੇ ਗਏ ਸਨ।
ਏਜੰਸੀ ਨੇ ਅੱਗੇ ਦਾਅਵਾ ਕੀਤਾ ਹੈ ਕਿ ਫੋਰਟਬੈਲ ਟੈਲੀਕਾਮ FZCO ਮੈਸਰਜ਼ ਫੋਰਟਬੈਲ ਗੈਜੇਟਸ ਪ੍ਰਾਈਵੇਟ ਲਿਮਟਿਡ ਦੀ ਇੱਕ ਸਬੰਧਤ ਇਕਾਈ ਹੈ, ਜਿਸ ਦੀ ਮਲਕੀਅਤ ਕਥਿਤ ਤੌਰ ‘ਤੇ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਕੋਲ ਹੈ। ਜਾਂਚ ਵਿੱਚ ਸਬੰਧਤ ਵਿਦੇਸ਼ੀ ਇਕਾਈਆਂ ਰਾਹੀਂ ਫੰਡਾਂ ਦੀ “ਰਾਊਂਡ-ਟ੍ਰਿਪਿੰਗ” ਦਾ ਸ਼ੱਕ ਜਤਾਇਆ ਗਿਆ ਹੈ, ਜੋ ਕਿ ਫੇਮਾ (FEMA) ਦੇ ਨਿਯਮਾਂ ਦੀ ਕਥਿਤ ਉਲੰਘਣਾ ਹੈ।
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਕਈ ਬੈਂਕ ਖਾਤੇ, ਕਾਵਿਆ ਅਰੋੜਾ ਦੇ ਡੀਮੈਟ ਖਾਤੇ ਅਤੇ ਮਿਉਚੁਅਲ ਫੰਡ ਹੋਲਡਿੰਗਜ਼ ਤੋਂ ਇਲਾਵਾ ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ਵਿੱਚ ਸਥਿਤ ਅਚੱਲ ਜਾਇਦਾਦਾਂ ਸ਼ਾਮਲ ਹਨ। ਈਡੀ ਕਥਿਤ ਵਿਦੇਸ਼ੀ ਮੁਦਰਾ ਉਲੰਘਣਾਵਾਂ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸਬੰਧਤ ਫਰਮਾਂ ਅਤੇ ਵਿਅਕਤੀਆਂ ਦੇ ਵਿੱਤੀ ਲੈਣ-ਦੇਣ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
