ਨਵੀਂ ਦਿੱਲੀ: ਦੇਸ਼ ਦੇ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਮਗਰੋਂ ਜਾਰੀ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ’ਚ ਪੱਛਮੀ ਬੰਗਾਲ ’ਚ ਭਾਜਪਾ ਦੇ ਮੌਜੂਦਾ ਹੁਕਮਰਾਨ ਧਿਰ ਟੀ ਐੱਮ ਸੀ ਨਾਲੋਂ ਅੱਗੇ ਰਹਿਣ ਅਤੇ ਅਸਾਮ ’ਚ ਉਸ ਵੱਲੋਂ ਜਿੱਤ ਦੀ ਹੈਟ੍ਰਿਕ ਲਾਉਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ ਕੇਰਲਾ ’ਚ ਯੂ ਡੀ ਐੱਫ ਅਤੇ ਤਾਮਿਲ ਨਾਡੂ ’ਚ ਡੀ ਐੱਮ ਕੇ ਦੀ ਅਗਵਾਈ ਹੇਠਲੇ ਗੱਠਜੋੜ ਦੀ ਜਿੱਤ ਦਿਖਾਈ ਗਈ ਹੈ। ਚੋਣ ਸਰਵੇਖਣਾਂ ਮੁਤਾਬਕ ਪੁੱਡੂਚੇਰੀ ’ਚ ਏ ਆਈ ਐੱਨ ਆਰ ਸੀ ਦੀ ਅਗਵਾਈ ਹੇਠਲੀ ਐੱਨ ਡੀ ਏ ਸਰਕਾਰ ਦੇ ਮੁੜ ਸੱਤਾ ’ਚ ਆਉਣ ਦੀ ਸੰਭਾਵਨਾ ਹੈ। ਜੇ ਚੋਣ ਸਰਵੇਖਣਾਂ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇਹ ਕਈ ਮੌਕਿਆਂ ’ਤੇ ਨਾਕਾਮ ਵੀ ਸਾਬਤ ਹੋਏ ਹਨ। ਉਂਜ ਪੰਜ ਵਿਧਾਨ ਸਭਾ ਹਲਕਿਆਂ ’ਚ ਪਈਆਂ ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਮਈ ਨੂੰ ਆਉਣਗੇ।
ਦੇਸ਼ ਭਰ ਦੀਆਂ ਨਜ਼ਰਾਂ ਪੱਛਮੀ ਬੰਗਾਲ (294 ਸੀਟਾਂ) ਦੇ ਨਤੀਜਿਆਂ ’ਤੇ ਲੱਗੀਆਂ ਹੋਈਆਂ ਹਨ। ਪੀਪਲਜ਼ ਪਲਸ ਦੇ ਚੋਣ ਸਰਵੇਖਣ ’ਚ ਮੌਜੂਦਾ ਹੁਕਮਰਾਨ ਤ੍ਰਿਣਮੂਲ ਕਾਂਗਰਸ ਨੂੰ ਅੱਗੇ ਦਿਖਾਇਆ ਗਿਆ ਹੈ ਅਤੇ 177-187 ਸੀਟਾਂ ਦੇ ਕੇ ਉਸ ਦੀ ਲਗਾਤਾਰ ਚੌਥੀ ਵਾਰ ਸਰਕਾਰ ਬਣਦੇ ਦਿਖਾਇਆ ਗਿਆ ਹੈ। ਉਨ੍ਹਾਂ ਸੂਬੇ ’ਚ ਭਾਜਪਾ ਨੂੰ 95-110 ਅਤੇ ਖੱਬੇ ਮੋਰਚੇ ਨੂੰ 0-1 ਅਤੇ ਕਾਂਗਰਸ ਨੂੰ 1-3 ਸੀਟਾਂ ਦਿੱਤੀਆਂ ਹਨ। ਉਂਜ ਮੈਟਰੀਜ਼ ਨੇ ਬੰਗਾਲ ’ਚ ਭਾਜਪਾ ਦੇ ਅੱਗੇ ਰਹਿਣ ਦੀ ਸੰਭਾਵਨਾ ਜਤਾਉਂਦਿਆਂ 146-161 ਸੀਟਾਂ ਜਦਕਿ ਟੀ ਐੱਮ ਸੀ ਨੂੰ 125-140 ਸੀਟਾਂ ਦਿੱਤੀਆਂ ਹਨ। ਪੀ-ਮਾਰਕ ਨੇ ਭਾਜਪਾ ਦੇ ਖਾਤੇ ’ਚ 150-175 ਸੀਟਾਂ ਪੈਣ ਦੀ ਸੰਭਾਵਨਾ ਜਤਾਈ ਹੈ ਜਦਕਿ ਟੀ ਐੱਮ ਸੀ ਨੂੰ 118-138 ਸੀਟਾਂ ਦਿੱਤੀਆਂ ਹਨ। ਐਕਸਿਸ ਮਾਈ ਇੰਡੀਆ ਨੇ ਅਸਾਮ (126 ਸੀਟਾਂ) ’ਚ ਭਾਜਪਾ ਦੀ ਹੂੰਝਾ ਫੇਰ ਜਿੱਤ ਦਾ ਦਾਅਵਾ ਕਰਦਿਆਂ ਪਾਰਟੀ ਅਤੇ ਉਸ ਦੇ ਭਾਈਵਾਲਾਂ ਨੂੰ 88-100 ਸੀਟਾਂ ਤੇ ਕਾਂਗਰਸ ਤੇ ਭਾਈਵਾਲਾਂ ਨੂੰ 24 ਤੋਂ 36 ਸੀਟਾਂ ਦਿੱਤੀਆਂ ਹਨ। ਪੀਪਲਜ਼ ਪਲਸ ਨੇ ਐੱਨ ਡੀ ਏ ਨੂੰ 68-72 ਜਦਕਿ ਕਾਂਗਰਸ ਨੂੰ 22-26 ਸੀਟਾਂ ਦਿੱਤੀਆਂ ਹਨ। ਮੈਟਰੀਜ਼ ਨੇ ਕਿਹਾ ਕਿ ਐੱਨ ਡੀ ਏ ਨੂੰ ਅਸਾਮ ’ਚ 85-95 ਅਤੇ ਕਾਂਗਰਸ ਤੇ ਭਾਈਵਾਲਾਂ ਨੂੰ 25-32 ਸੀਟਾਂ ਮਿਲਣਗੀਆਂ। ਕੇਰਲਾ (140) ’ਚ ਐਕਸਿਸ ਮਾਈ ਇੰਡੀਆ ਨੇ ਯੂ ਡੀ ਐੱਫ ਨੂੰ 78-90 ਸੀਟਾਂ ਦਿੱਤੀਆਂ ਹਨ। ਮੌਜੂਦਾ ਹੁਕਮਰਾਨ ਧਿਰ ਐੱਲ ਡੀ ਐੱਫ ਨੂੰ 49-62 ਸੀਟਾਂ ਅਤੇ ਐੱਨ ਡੀ ਏ ਨੂੰ 0-3 ਸੀਟਾਂ ਮਿਲਣ ਦਾ ਅਨੁਮਾਨ ਹੈ। ਪੀਪਲਜ਼ ਪਲਸ ਨੇ ਕਾਂਗਰਸ ਦੀ ਅਗਵਾਈ ਹੇਠਲੇ ਯੂ ਡੀ ਐੱਫ ਨੂੰ 75-85 ਸੀਟਾਂ, ਐੱਲ ਡੀ ਐੱਫ ਨੂੰ 55-65 ਅਤੇ ਐੱਨ ਡੀ ਏ ਨੂੰ 0-3 ਸੀਟਾਂ ਮਿਲਣ ਦੀ ਆਸ ਹੈ। ਮੈਟਰੀਜ਼ ਨੇ ਯੂ ਡੀ ਐੱਫ ਨੂੰ 70-75, ਐੱਲ ਡੀ ਐੱਫ ਨੂੰ 60-65 ਤੇ ਐੱਨ ਡੀ ਏ ਨੂੰ 3-5 ਸੀਟਾਂ ਦਿੱਤੀਆਂ ਹਨ। ਤਾਮਿਲ ਨਾਡੂ (234 ਸੀਟਾਂ) ’ਚ ਪੀਪਲਜ਼ ਪਲਸ ਨੇ ਆਪਣੇ ਸਰਵੇਖਣ ’ਚ ਡੀ ਐੱਮ ਕੇ-ਕਾਂਗਰਸ ਗੱਠਜੋੜ ਨੂੰ 125-145, ਅੰਨਾ ਡੀ ਐੱਮ ਕੇ-ਭਾਜਪਾ ਨੂੰ 65-80 ਅਤੇ ਟੀ ਵੀ ਕੇ ਨੂੰ 18-24 ਸੀਟਾਂ ਦਿੱਤੀਆਂ ਹਨ। ਮੈਟਰੀਜ਼ ਨੇ ਡੀ ਐੱਮ ਕੇ-ਕਾਂਗਰਸ ਗੱਠਜੋੜ ਨੂੰ 122-132, ਐੱਨ ਡੀ ਏ ਨੂੰ 87-100 ਅਤੇ ਟੀ ਵੀ ਕੇ ਨੂੰ 10-12 ਸੀਟਾਂ ਦਿੱਤੀਆਂ ਹਨ। ਪੁੱਡੂਚੇਰੀ (30) ’ਚ ਐਕਸਿਸ ਮਾਈ ਇੰਡੀਆ ਨੇ ਐੱਨ ਡੀ ਏ ਦੇ ਪੱਖ ’ਚ 16-20 ਸੀਟਾਂ ਦੀ ਸੰਭਾਵਨਾ ਜਤਾਈ ਹੈ ਜਦਕਿ ਡੀ ਐੱਮ ਕੇ-ਕਾਂਗਰਸ ਨੂੰ 6-8 ਸੀਟਾਂ ਦਿੱਤੀਆਂ ਹਨ।
ਈ ਵੀ ਐੱਮ ਨਾਲ ਛੇੜਛਾੜ ਹੋਈ ਤਾਂ ਮੁੜ ਪੋਲਿੰਗ ਕਰਾਵਾਂਗੇ: ਸੀ ਈ ਓ
ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀ ਈ ਓ) ਮਨੋਜ ਅਗਰਵਾਲ ਨੇ ਕਿਹਾ ਕਿ ਭਾਜਪਾ ਨੇ ਕੁਝ ਪੋਲਿੰਗ ਬੂਥਾਂ ’ਤੇ ਈ ਵੀ ਐੱਮਜ਼ ਨਾਲ ਛੇੜਛਾੜ ਦੀ ਸ਼ਿਕਾਇਤ ਕੀਤੀ ਹੈ, ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਚੋਣ ਕਮਿਸ਼ਨ ਇਨ੍ਹਾਂ ਬੂਥਾਂ ’ਤੇ ਨਵੇਂ ਸਿਰਿਓਂ ਪੋਲਿੰਗ ਕਰਵਾਏਗਾ। ਸੀ ਈ ਓ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਜਾਂ ਚੋਣ ਨਿਗਰਾਨਾਂ ਵੱਲੋਂ ਭੇਜੀ ਰਿਪੋਰਟ ਦੀ ਘੋਖ ਤੋਂ ਬਾਅਦ ਹੀ ਮੁੜ ਪੋਲਿੰਗ ਦੇ ਹੁਕਮ ਦਿੱਤੇ ਜਾਣਗੇ। ਕਾਬਿਲੇਗੌਰ ਹੈ ਕਿ ਭਾਜਪਾ ਨੇ ਦੋਸ਼ ਲਾਇਆ ਹੈ ਕਿ ਕੁਝ ਬੂਥਾਂ ਉੱਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚਲੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਟੇਪ ਜਾਂ ਸ਼ਿਆਹੀ ਨਾਲ ਢਕਿਆ ਗਿਆ ਹੈ। ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਵੀਡੀਓ ਸਾਂਝੀ ਕਰ ਕੇ ਦਾਅਵਾ ਕੀਤਾ ਕਿ ਫਾਲਟਾ ਅਸੈਂਬਲੀ ਹਲਕੇ ਦੇ ਬੂਥ ਨੰਬਰ 144 ਤੇ 189 ਉੱਤੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਸਫ਼ੇਦ ਟੇਪ ਨਾਲ ਕਵਰ ਕੀਤਾ ਗਿਆ ਹੈ। ਮਾਲਵੀਆ ਨੇ ਇਨ੍ਹਾਂ ਬੂਥਾਂ ’ਤੇ ਰੀਪੋਲਿੰਗ ਦੀ ਮੰਗ ਕੀਤੀ ਹੈ।
ਪੱਛਮੀ ਬੰਗਾਲ ਵਿੱਚ ਰਿਕਾਰਡ 92.47 ਫ਼ੀਸਦ ਵੋਟਿੰਗ
ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਲਈ ਬੁੱਧਵਾਰ ਨੂੰ ਮੁਕੰਮਲ ਹੋਈਆਂ ਦੋ ਗੇੜਾਂ ਦੀਆਂ ਚੋਣਾਂ ’ਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ 92.47 ਫ਼ੀਸਦ ਮੱਤਦਾਨ ਹੋਇਆ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਗੇੜ ’ਚ ਸ਼ਾਮ ਪੌਣੇ 8 ਵਜੇ ਤੱਕ 91.66 ਫ਼ੀਸਦ ਵੋਟਿੰਗ ਹੋਈ ਜਦਕਿ ਪਹਿਲੇ ਗੇੜ ’ਚ 93.19 ਫ਼ੀਸਦ ਵੋਟਾਂ ਪਈਆਂ ਸਨ। ਪੱਛਮੀ ਬੰਗਾਲ ’ਚ ਭਾਜਪਾ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀ ਐੱਮ ਸੀ ਦੀ ਸਾਖ਼ ਦਾਅ ’ਤੇ ਲੱਗੀ ਹੋਈ ਹੈ। ਦੂਜੇ ਗੇੜ ’ਚ ਦੱਖਣੀ ਬੰਗਾਲ ਦੇ 142 ਹਲਕਿਆਂ ’ਚ ਵੋਟਿੰਗ ਹੋਈ ਅਤੇ ਦੇਰ ਸ਼ਾਮ ਤੱਕ ਕਈ ਵੋਟਰ ਹਾਲੇ ਵੀ ਆਪਣੇ ਹੱਕ ਦੀ ਵਰਤੋਂ ਲਈ ਕਤਾਰਾਂ ’ਚ ਖੜ੍ਹੇ ਹੋਏ ਸਨ ਜਿਸ ਕਾਰਨ ਵੋਟ ਫ਼ੀਸਦ ਪਹਿਲੇ ਗੇੜ ਨਾਲੋਂ ਵੀ ਵਧ ਸਕਦਾ ਹੈ। ਚੋਣਾਂ ਦੇ ਨਤੀਜੇ 4 ਮਈ ਨੂੰ ਆਉਣਗੇ।
ਭਾਜਪਾ ਲਈ ਆਖ਼ਰੀ ਗੇੜ ’ਚ ਟੀ ਐੱਮ ਸੀ ਦੇ ਗੜ੍ਹ ਵਾਲੇ ਹਲਕਿਆਂ ਕੋਲਕਾਤਾ, ਹਾਵੜਾ, ਹੁਗਲੀ, ਨਾਦੀਆ, ਉੱਤਰ ਅਤੇ ਦੱਖਣੀ 24 ਪਰਗਣਾ ਅਤੇ ਪੂਰਬੀ ਬਰਧਮਾਨ ਜ਼ਿਲ੍ਹੇ ਵੱਡੀ ਚੁਣੌਤੀ ਸਨ। ਦੱਖਣੀ ਕੋਲਕਾਤਾ ਦਾ ਹਲਕਾ ਭਵਾਨੀਪੁਰ ਸਿਆਸੀ ਜੰਗ ਦਾ ਮੈਦਾਨ ਬਣਿਆ ਰਿਹਾ ਜਿਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਜਪਾ ਦੇ ਸ਼ੁਵੇਂਦੁ ਅਧਿਕਾਰੀ ਟੱਕਰ ਦੇ ਰਹੇ ਹਨ। ਹਲਕੇ ’ਚ 87 ਫ਼ੀਸਦ ਦੇ ਕਰੀਬ ਮੱਤਦਾਨ ਹੋਇਆ ਹੈ ਜਦਕਿ 2021 ’ਚ ਜ਼ਿਮਨੀ ਚੋਣ ਸਮੇਂ ਸਿਰਫ਼ 57 ਫ਼ੀਸਦ ਵੋਟਿੰਗ ਹੋਈ ਸੀ ਅਤੇ ਮਮਤਾ ਨੇ ਚੋਣ ਜਿੱਤੀ ਸੀ। ਟੀ ਐੱਮ ਸੀ ਵਰਕਰਾਂ ’ਤੇ ਕਈ ਥਾਵਾਂ ਉਪਰ ਧਮਕੀਆਂ ਦੇਣ ਦੇ ਦੋਸ਼ ਲਾਉਂਦਿਆਂ ਸ਼ੁਵੇਂਦੂ ਨੇ ਕੇਂਦਰੀ ਬਲਾਂ ਨੂੰ ਸੱਦ ਲਿਆ। ਉਨ੍ਹਾਂ ਖ਼ਿਲਾਫ਼ ਕਈ ਬੂਥਾਂ ’ਤੇ ਨਾਅਰੇਬਾਜ਼ੀ ਵੀ ਹੋਈ।
ਉਨ੍ਹਾਂ ਮਮਤਾ ਬੈਨਰਜੀ ’ਤੇ ਦੋਸ਼ ਲਾਇਆ ਕਿ ਉਹ 50-60 ਵਿਅਕਤੀਆਂ ਨਾਲ ਘੁੰਮ ਰਹੀ ਹੈ। ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਕੇਂਦਰੀ ਬਲਾਂ, ਚੋਣ ਆਬਜ਼ਰਵਰਾਂ ਅਤੇ ਅਧਿਕਾਰੀਆਂ ਦੀ ਵਰਤੋਂ ਕਰ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਨੇ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਵਿਰੋਧ ’ਚ ਇਕ ਬੂਥ ਦੇ ਬਾਹਰ ਧਰਨਾ ਵੀ ਦਿੱਤਾ। ਉਨ੍ਹਾਂ ਆਪਣਾ ਵੋਟ ਪਾਉਣ ਮਗਰੋਂ ਦਾਅਵਾ ਕੀਤਾ ਕਿ ਪਾਰਟੀ ਮੁੜ ਚੋਣਾਂ ਜਿੱਤੇਗੀ। ਕਾਲੀਘਾਟ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਸ਼ੁਵੇਂਦੂ ਅਧਿਕਾਰੀ ਉਥੇ ਪੁੱਜਿਆ ਅਤੇ ਟੀ ਐੱਮ ਸੀ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਲਾਠੀਚਾਰਜ ਕਰ ਕੇ ਭੀੜ ਨੂੰ ਉਥੋਂ ਖਿੰਡਾ ਦਿੱਤਾ। ਕੁਝ ਹੋਰ ਇਲਾਕਿਆਂ ’ਚ ਵੀ ਤਣਾਅ ਦੀਆਂ ਖ਼ਬਰਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ ਨੇ ਦੋਸ਼ ਲਾਇਆ ਕਿ ਟੀ ਐੱਮ ਸੀ ਦੇ ਪੋਲਿੰਗ ਏਜੰਟਾਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਣੀਹਾਤੀ ’ਚ ਭਾਜਪਾ ਉਮੀਦਵਾਰ ਅਤੇ ਆਰ ਜੀ ਕਰ ਪੀੜਤਾ ਦੀ ਮਾਂ ਰਤਨਾ ਦੇਵਨਾਥ ਨੂੰ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ 200 ਤੋਂ 250 ਟੀ ਐੱਮ ਸੀ ਦੇ ‘ਗੁੰਡਿਆਂ’ ਨੇ ਉਨ੍ਹਾਂ ਦੇ ਵਾਹਨ ’ਤੇ ਹਮਲਾ ਕਰ ਕੇ ਡਰਾਈਵਰ ਦੀ ਕੁੱਟਮਾਰ ਕੀਤੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨੇ ਕਿਹਾ ਕਿ ਜਿਹੜੇ ਬੂਥਾਂ ’ਤੇ ਈ ਵੀ ਐੱਮ ’ਚ ਛੇੜਛਾੜ ਜਾਂ ਨੁਕਸ ਮਿਲਿਆ ਹੈ, ਉਥੇ ਦੁਬਾਰਾ ਪੋਲਿੰਗ ਕਰਵਾਏ ਜਾਣ ਦੀ ਸੰਭਾਵਨਾ ਹੈ।
ਪੋਲਿੰਗ ਬੂਥ ਦੇ ਬਾਹਰ ਵੋਟਰਾਂ ’ਤੇ ਲਾਠੀਚਾਰਜ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਦਾਅਵਾ ਕੀਤਾ ਕਿ ਕੇਂਦਰੀ ਸੁਰੱਖਿਆ ਬਲਾਂ ਨੇ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਬੂਥ ਨੇੜੇ ਔਰਤਾਂ ਤੇ ਬੱਚਿਆਂ ਸਣੇ ਆਮ ਲੋਕਾਂ ’ਤੇ ਲਾਠੀਆਂ ਵਰ੍ਹਾਈਆਂ। ਘੋਸ਼ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਹਿਲਾਵਾਂ ’ਤੇ ਲਾਠੀਚਾਰਜ ਮਗਰੋਂ ਵੀ ਨੀਮ ਫ਼ੌਜੀ ਬਲ ਨਹੀਂ ਰੁਕੇ ਤੇ ਉਨ੍ਹਾਂ ‘ਬੱਚੇ ਨੂੰ ਕੁੱਟ ਕੁੱਟ ਕੇ ਜ਼ਖ਼ਮੀ’ ਕਰ ਦਿੱਤਾ। ਪਾਰਟੀ ਨੇ ਕਿਹਾ ਕਿ ਭਾਜਪਾ ‘ਬੰਗਾਲ ਦੇ ਲੋਕਾਂ ਵਿਰੁੱਧ ਜੰਗ’ ਦਾ ਐਲਾਨ ਕਰ ਚੁੱਕੀ ਹੈ, ਪਰ 4 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਮਮਤਾ ਬੈਨਰਜੀ ਦੇ ਹੱਕ ਵਿੱਚ ਵੱਡਾ ਫ਼ਤਵਾ ਭਗਵਾ ਪਾਰਟੀ ਨੂੰ ਖ਼ਤਮ ਕਰ ਦੇਵੇਗਾ।

