ਜੇ ਪਾਰਟੀ ਬਦਲਣਾ ‘ਗ਼ੱਦਾਰੀ’ ਹੈ ਤਾਂ ਭਗਵੰਤ ਮਾਨ ਵੀ ‘ਗ਼ੱਦਾਰ’ ਹਨ: ਸ਼ਰਮਾ

ਜੇ ਪਾਰਟੀ ਬਦਲਣਾ ‘ਗ਼ੱਦਾਰੀ’ ਹੈ ਤਾਂ ਭਗਵੰਤ ਮਾਨ ਵੀ ‘ਗ਼ੱਦਾਰ’ ਹਨ: ਸ਼ਰਮਾ

ਚੰਡੀਗਡ਼੍ਹ: ਪੰਜਾਬ ਭਾਜਪਾ ਨੇ ਅੱਜ ‘ਆਪ’ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ 7 ਰਾਜ ਸਭਾ ਮੈਂਬਰਾਂ ਨੂੰ ‘ਗ਼ੱਦਾਰ’ ਕਹਿਣ ’ਤੇ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇ ਪਾਰਟੀ ਬਦਲਣਾ ‘ਗ਼ੱਦਾਰੀ’ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਕਈ ਹੋਰ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ‘ਗ਼ੱਦਾਰ’ ਹਨ, ਜੋ ਦੂਜੀਆਂ ਪਾਰਟੀਆਂ ਵਿੱਚੋਂ ‘ਆਪ’ ਵਿੱਚ ਸ਼ਾਮਲ ਹੋਏ ਸਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਮਨ ਅਰੋੜਾ, ਬਰਿੰਦਰ ਗੋਇਲ, ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਲਾਲ ਚੰਦ ਕਟਾਰੂਚੱਕ ਵੀ ‘ਗ਼ੱਦਾਰ’ ਹਨ। ‘ਆਪ’ ਦੀ ਟਿਕਟ ’ਤੇ ਦੂਜੀਆਂ ਪਾਰਟੀਆਂ ਤੋਂ ਆ ਕੇ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ, ਹਰਮੀਤ ਸਿੰਘ ਸੰਧੂ, ਇਸ਼ਾਂਕ ਕੁਮਾਰ ਅਤੇ ਮੋਹਿੰਦਰ ਭਗਤ ਵੀ ‘ਗ਼ੱਦਾਰ’ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਵੱਲੋਂ ਜਿਨ੍ਹਾਂ ਨੂੰ ਗ਼ੱਦਾਰ ਕਿਹਾ ਜਾ ਰਿਹਾ ਹੈ, ਉਹ ਆਪਣੀ ਮਿਹਨਤ ਅਤੇ ਪ੍ਰਾਪਤੀਆਂ ਕਰ ਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਵਿਸ਼ਵ ਪੱਧਰ ’ਤੇ ਉੱਚਾ ਕੀਤਾ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਜਿੰਦਰ ਗੁਪਤਾ, ਅਸ਼ੋਕ ਕੁਮਾਰ ਮਿੱਤਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਉਦਯੋਗਿਕ, ਸਿੱਖਿਆ, ਖੇਡ ਤੇ ਸਮਾਜਿਕ ਖੇਤਰ ਵਿੱਚ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ‘ਆਪ’ ਦੇ ਸੰਸਥਾਪਕ ਅਤੇ ਸੀਨੀਅਰ ਨੇਤਾ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ, ਅਲਕਾ ਲਾਂਬਾ ਆਦਿ ਨੇ ਪਾਰਟੀ ਛੱਡਦੇ ਸਮੇਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕੀਤੇ ਸਨ, ਉਹ ਹੀ ਸਵਾਲ ਅੱਜ ਰਾਜ ਸਭਾ ਸੰਸਦ ਮੈਂਬਰਾਂ ਵੱਲੋਂ ਦੁਹਰਾਏ ਜਾ ਰਹੇ ਹਨ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ‘ਆਪ’ ਛੱਡਣ ਵਾਲੇ ਰਾਘਵ ਚੱਢਾ ਅਤੇ ਹੋਰਨਾਂ ਆਗੂਆਂ ਨੇ ਪਾਰਟੀ ਦੇ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ, ਇਸ ਲਈ ‘ਆਪ’ ਵੱਲੋਂ ਪਾਰਟੀ ਛੱਡਣ ਵਾਲੇ ਆਗੂਆਂ ਨੂੰ ‘ਗ਼ੱਦਾਰ’ ਕਹਿਣ ਦੀ ਥਾਂ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ।

Share: