ਪਟਿਆਲਾ: ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤੀਂ ਧਮਾਕਾ ਹੋਇਆ, ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਧਮਾਕੇ ਦੌਰਾਨ ਨੁਕਸਾਨੀ ਗਈ ਰੇਲਵੇ ਲਾਈਨ ਅੱਜ ਸਵੇਰੇ ਰੇਲਵੇ ਵਿਭਾਗ ਵੱਲੋਂ ਆਵਾਜਾਈ ਲਈ ਬਹਾਲ ਕਰ ਦਿੱਤੀ ਗਈ ਹੈ। ਉਧਰ ਰੇਲਵੇ ਟਰੈਕ ਤੋਂ ਇੱਕ ਮਨੁੱਖੀ ਧੜ ਦਾ ਕੁਝ ਹਿੱਸਾ ਵੀ ਮਿਲਿਆ ਹੈ। ਦੱਸ ਦਈਏ ਕਿ ਇਸ ਧਮਾਕੇ ਦੌਰਾਨ ਰੇਲਵੇ ਲਾਈਨ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੌਰਾਨ ਇਨ੍ਹਾਂ ਦੇ ਵਿਚਕਾਰ ਸਥਿਤ ਪੱਥਰ ਦੀ ਸਲੈਬ ਟੁੱਟਣ ਸਮੇਤ ਰੇਲਵੇ ਲਾਈਨ ਵੀ ਟੁੱਟ ਗਈ ਸੀ ਜਿਸ ਮਗਰੋਂ ਰੇਲਵੇ ਵਿਭਾਗ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ
ਤਰਨਤਾਰਨ ਵਾਸੀ ਜਗਰੂਪ ਸਿੰਘ ਵਜੋਂ ਹੋਈ ਧਮਾਕੇ ਦੇ ਮ੍ਰਿਤਕ ਦੀ ਪਹਿਚਾਣ
ਸੂਤਰਾਂ ਤੋਂ ਪ੍ਰਾਪਤ ਹੋਈ ਇੱਕ ਹੋਰ ਜਾਣਕਾਰੀ ਅਨੁਸਾਰ ਇਸ ਧਮਾਕੇ ਦੌਰਾਨ ਮਾਰੇ ਗਏ ਦੱਸੇ ਜਾ ਰਹੇ ਵਿਅਕਤੀ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਜਗਰੂਪ ਸਿੰਘ ਵਜੋਂ ਹੋਈ ਹੈ। ਉਹ ਤਰਨ ਤਾਰਨ ਦੇ ਇੱਕ ਪ੍ਰਸਿੱਧ ਪਿੰਡ ਦਾ ਵਸਨੀਕ ਸੀ। ਇਸ ਧਮਾਕੇ ਦੌਰਾਨ ਉਸਦਾ ਮੂੰਹ ਸਿਰ ਅਤੇ ਲੱਤਾਂ ਉੱਡ ਗਈਆਂ ਤੇ ਸਿਰਫ ਢਿੱਡ ਤੇ ਛਾਤੀ ਵਾਲਾ ਹਿੱਸਾ ਹੀ ਬਚਿਆ ਹੈ। ਪਰ ਇਸ ਦੌਰਾਨ ਹੀ ਉਸਦਾ ਮੋਬਾਈਲ ਫੋਨ ਟੁੱਟਣੋ ਬਚ ਗਿਆ। ਜਿਸ ਤੋਂ ਹੀ ਉਸਦੀ ਸ਼ਨਾਖਤ ਹੋਈ ਦੱਸੀ ਜਾ ਰਹੀ ਹੈ। ਬਾਕੀ ਪੁਲੀਸ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਇਸ ਮੋਬਾਈਲ ਫੋਨ ਜਰੀਏ ਪੁਲੀਸ ਜਲਦੀ ਹੀ ਬਾਕੀ ਮੁਲਜਮਾਂ ਤੱਕ ਵੀ ਪਹੁੰਚ ਜਾਵੇਗੀ।
ਪੁਲੀਸ ਦਾ ਬਿਆਨ
ਉਧਰ ਰਾਤੀ ਸਾਢੇ ਬਾਰਾਂ ਵਜੇ ਘਟਨਾ ਸਥਾਨ ’ਤੇ ਪਟਿਆਲਾ ਤੋਂ ਪਹੁੰਚੀ ਫੋਰੈਸਿਕ ਟੀਮ ਨੇ ਨਮੂਨੇ ਲੈ ਕੇ ਅਗਲੇਰੀ ਕਾਰਵਾਈ ਲਈ ਲੈਬ ਵਿੱਚ ਭੇਜ ਦਿੱਤੇ ਸਨ। ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਸੀ। ਰੇਲਵੇ ਪੁਲੀਸ ਵੱਲੋਂ ਰੇਲਵੇ ਐਕਟ ਦੀ ਧਾਰਾ 150 ਅਤੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦੌਰਾਨ ਅੱਜ ਸਵੇਰੇ 07:55 ਵਜੇ, ਰੇਲਵੇ ਵਿਭਾਗ ਨੇ ਦੋ ਲੋਹੇ ਦੇ ਚੈਨਲ ਬਦਲ ਕੇ ਰੇਲਵੇ ਲਾਈਨ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾਂ ਹੈ।
ਇਸੇ ਦੌਰਾਨ ਸੰਪਰਕ ਕਰਨ ’ਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਘਟਨਾ ਸਥਾਨ ਨੇੜਿਓਂ ਮਨੁੱਖੀ ਧੜ ਦਾ ਕੁਝ ਹਿੱਸਾ ਮਿਲਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਹੀ ਸਾਹਮਣੇ ਆਈ ਹੈ ਕਿ ਇਹ ਧੜ ਸ਼ਾਇਦ ਉਸੇ ਵਿਅਕਤੀ ਦਾ ਹੋਵੇ, ਜਿਸ ਨੇ ਇਥੇ ਇਹ ਧਮਾਕਾ ਕੀਤਾ ਹੈ।
