ਪੰਜਾਬ ’ਚ ਪੰਜ ਸਾਲਾਂ ਮਗਰੋਂ ਲੱਗੇ ਬਿਜਲੀ ਕੱਟ

ਪੰਜਾਬ ’ਚ ਪੰਜ ਸਾਲਾਂ ਮਗਰੋਂ ਲੱਗੇ ਬਿਜਲੀ ਕੱਟ

ਚੰਡੀਗਡ਼੍ਹ: ਪੰਜਾਬ ਨੂੰ ਕਰੀਬ ਪੰਜ ਵਰ੍ਹਿਆਂ ਮਗਰੋਂ ਬਿਜਲੀ ਕੱਟ ਝੱਲਣੇ ਪੈ ਰਹੇ ਹਨ। ਬੀਤੇ ਦਿਨ ਵੱਧ ਤੋਂ ਵੱਧ ਪੰਜ ਘੰਟੇ ਦਾ ਬਿਜਲੀ ਕੱਟ ਲੱਗਿਆ; 25 ਅਪਰੈਲ ਨੂੰ ਕਈ ਖ਼ਿੱਤਿਆਂ ’ਚ 8.30 ਘੰਟਿਆਂ ਤੱਕ ਵੀ ਬਿਜਲੀ ਗੁੱਲ ਰਹੀ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਵਰ੍ਹੇ ’ਚ ਸੂਬੇ ਨੂੰ ਬਿਜਲੀ ਕੱਟਾਂ ਦਾ ਸਾਹਮਣੇ ਕਰਨਾ ਪਿਆ ਹੈ। ਆਖ਼ਰੀ ਵਾਰ ਪੰਜਾਬ ’ਚ ਝੋਨੇ ਦੇ ਸੀਜ਼ਨ ਮੌਕੇ ਸਾਲ 2021 ’ਚ ਬਿਜਲੀ ਕੱਟ ਲੱਗੇ ਸਨ ਅਤੇ ਉਸ ਵੇਲੇ ਵੀ ਪਾਵਰਕੌਮ ਦੀ ਵਾਗਡੋਰ ਪ੍ਰਸ਼ਾਸਕੀ ਅਧਿਕਾਰੀ ਦੇ ਹੱਥ ਸੀ। ਇਸ ਵੇਲੇ ਵੀ ਪਾਵਰਕੌਮ ਦੀ ਅਗਵਾਈ ਉੱਚ ਅਧਿਕਾਰੀ ਕਰ ਰਹੇ ਹਨ। ਇਨ੍ਹਾਂ ਕੱਟਾਂ ਕਾਰਨ ਕਿਸਾਨ ਫ਼ਿਕਰਮੰਦ ਹਨ।

ਪੰਜਾਬ ਦੇ ਲੋਕ ਬਿਜਲੀ ਸਪਲਾਈ ਤੋਂ ਤਸੱਲੀ ’ਚ ਰਹੇ ਹਨ ਪਰ ਅਪਰੈਲ ਮਹੀਨੇ ’ਚ ਬਿਜਲੀ ਸਪਲਾਈ ਦਾ ਗਣਿਤ ਵਿਗੜਿਆ ਹੈ। ਇਸ ਅਪਰੈਲ ਮਹੀਨੇ ’ਚ 26 ਅਪਰੈਲ ਤੱਕ ਪਾਵਰਕੌਮ ਨੇ 4293 ਮਿਲੀਅਨ ਯੂਨਿਟ ਸਪਲਾਈ ਦਿੱਤੀ ਹੈ; ਪਿਛਲੇ ਸਾਲ ਅਪਰੈਲ ਮਹੀਨੇ ’ਚ ਇਹੀ ਸਪਲਾਈ 4422 ਮਿਲੀਅਨ ਯੂਨਿਟ ਸੀ। ਭਾਵ ਪਿਛਲੇ ਅਪਰੈਲ ਦੇ ਮੁਕਾਬਲੇ ਐਤਕੀਂ ਅਪਰੈਲ ’ਚ 3 ਫ਼ੀਸਦੀ ਬਿਜਲੀ ਯੂਨਿਟ ਘੱਟ ਸਪਲਾਈ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਨੇ 26 ਅਪਰੈਲ ਨੂੰ ਸੂਬੇ ’ਚ 116 ਲੱਖ ਯੂਨਿਟ ਦਾ ਬਿਜਲੀ ਕੱਟ ਲਾਇਆ; 25 ਅਪਰੈਲ ਨੂੰ ਇਹੀ ਕੱਟ 197 ਲੱਖ ਯੂਨਿਟ ਦਾ ਲੱਗਿਆ। ਐਤਵਾਰ ਹੋਣ ਕਰ ਕੇ ਬਿਜਲੀ ਸਪਲਾਈ ’ਚ ਸੁਧਾਰ ਹੋਇਆ ਸੀ। ਐਤਵਾਰ ਨੂੰ ਬਿਜਲੀ ਦੀ ਮੰਗ ਵੀ 11,381 ਮੈਗਾਵਾਟ ਰਹੀ।

ਤੱਥਾਂ ਅਨੁਸਾਰ 26 ਅਪਰੈਲ ਨੂੰ ਕੰਡੀ ਖੇਤਰ ’ਚ 4.30 ਘੰਟੇ ਦਾ ਕੱਟ ਲੱਗਿਆ। ਬਰਨਾਲਾ, ਪਟਿਆਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵੱਧ ਬਿਜਲੀ ਚੋਰੀ ਵਾਲੇ ਗਰਿੱਡਾਂ ’ਤੇ ਵੀ ਚਾਰ ਘੰਟੇ ਬਿਜਲੀ ਨਹੀਂ ਆਈ। ਇਸੇ ਤਰ੍ਹਾਂ 26 ਅਪਰੈਲ ਨੂੰ ਸੰਗਰੂਰ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ’ਚ ਪੰਜ ਘੰਟੇ ਦਾ ਬਿਜਲੀ ਕੱਟ ਵੀ ਲੱਗਿਆ। ਪਾਵਰਕੌਮ ਨੇ ਸੂਬੇ ਦੇ ਪ੍ਰਮੁੱਖ ਸ਼ਹਿਰਾਂ ’ਚ ਬਿਜਲੀ ਪ੍ਰਬੰਧਾਂ ਦੇ ਤਕਨੀਕੀ ਕੰਮਾਂ ਦੇ ਮੱਦੇਨਜ਼ਰ ਬਿਜਲੀ ਕੱਟਾਂ ਦੀ ਅਗੇਤੀ ਸੂਚਨਾ ਵੀ ਜਾਰੀ ਕੀਤੀ ਸੀ।

ਸੂਤਰਾਂ ਅਨੁਸਾਰ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਲਈ ਅਗੇਤੇ ਪ੍ਰਬੰਧਾਂ ਦੀ ਕਮੀ ਰਹੀ ਹੈ। ਮਾਹਿਰ ਦੱਸਦੇ ਹਨ ਕਿ ਹਰ ਸਾਲ ਪੰਜ ਫ਼ੀਸਦੀ ਬਿਜਲੀ ਦੀ ਖਪਤ ਦੇ ਵਾਧੇ ਦੇ ਅਨੁਮਾਨ ਨਾਲ ਅਗੇਤੇ ਪ੍ਰਬੰਧ ਕੀਤੇ ਜਾਂਦੇ ਰਹੇ ਹਨ। ਰੋਪੜ ਤਾਪ ਬਿਜਲੀ ਦਾ ਯੂਨਿਟ ਨੰਬਰ ਚਾਰ ਇਸ ਵੇਲੇ ਬੰਦ ਪਿਆ ਹੈ; ਕਈ ਹਾਈਡਲ ਪ੍ਰਾਜੈਕਟਾਂ ਤੋਂ ਵੀ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ। ਇਨ੍ਹਾਂ ’ਚ ਮੁਕੇਰੀਆਂ ਹਾਈਡਲ ਪ੍ਰਾਜੈਕਟ ਵੀ ਸ਼ਾਮਲ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ’ਚ ਬਿਜਲੀ ਸਪਲਾਈ ਨਾ ਮਿਲਣ ਦਾ ਡਰ ਹੈ। ਪਾਵਰਕੌਮ ਮੈਨੇਜਮੈਂਟ ਨੂੰ ਬਿਜਲੀ ਖ਼ਰੀਦ ਦੇ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੱਟਾਂ ਲਈ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।

Share: