ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਪਹਿਲਾ ਕਾਰ ਨੇ ਮਾਰੀ ਟੱਕਰ, ਫਿਰ ਟਰੱਕ ਨੇ ਦਰੜਿਆ ; ਮੌਤ

ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਪਹਿਲਾ ਕਾਰ ਨੇ ਮਾਰੀ ਟੱਕਰ, ਫਿਰ ਟਰੱਕ ਨੇ ਦਰੜਿਆ ; ਮੌਤ

ਮੋਗਾ: ਸੋਮਵਾਰ ਨੂੰ ਮੋਗਾ ਦੇ ਨੇੜਲੇ ਪਿੰਡ ਅਜੀਤਵਾਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇੱਕ 11 ਸਾਲਾ ਲੜਕੇ ਦੀ ਪਹਿਲਾਂ ਕਾਰ ਦੀ ਟੱਕਰ ਲੱਗਣ ਅਤੇ ਫਿਰ ਇੱਕ ਟਰੱਕ ਹੇਠਾਂ ਦਰੜੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਜੀਤਵਾਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਹਾਦਸੇ ਦੇ ਸਮੇਂ ਸਕੂਲ ਤੋਂ ਘਰ ਪਰਤ ਰਿਹਾ ਸੀ। ਜਾਣਕਾਰੀ ਮੁਤਾਬਕ ਜਿਵੇਂ ਹੀ ਗੁਰਸ਼ਰਨਪ੍ਰੀਤ ਆਪਣੇ ਸਾਈਕਲ ‘ਤੇ ਸਕੂਲ ਦੇ ਗੇਟ ਤੋਂ ਬਾਹਰ ਨਿਕਲਿਆ, ਉਦੋਂ ਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਨੇ ਬੱਚੇ ਨੂੰ ਸੜਕ ਦੇ ਦੂਜੇ ਪਾਸੇ ਵਗ੍ਹਾ ਕੇ ਮਾਰਿਆ, ਜਿੱਥੇ ਉਹ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀ ਅਤੇ ਸਥਾਨਕ ਸਰਪੰਚ ਰਾਜਾ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ। ਲੜਕੇ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਗੁਰਸ਼ਰਨਪ੍ਰੀਤ ਦੇ ਪਰਿਵਾਰ ਵਿੱਚ ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਵੱਡੀ ਭੈਣ ਹੈ, ਜੋ ਦੋਵੇਂ ਉਸੇ ਸਕੂਲ ਵਿੱਚ ਪੜ੍ਹਦੇ ਹਨ। ਐੱਸ ਐੱਚ ਓ ਰਾਜ ਸਿੰਘ ਦੀ ਅਗਵਾਈ ਵਿੱਚ ਅਜੀਤਵਾਲ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿੱਚ ਸ਼ਾਮਲ ਕਾਰ ਅਤੇ ਟਰੱਕ ਦੋਵਾਂ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਐੱਸ ਐੱਚ ਓ ਰਾਜ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਦਿੱਤੇ ਅਧਿਕਾਰਤ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share: