White House ਪੱਤਰਕਾਰਾਂ ਲਈ ਰਾਤਰੀ ਭੋਜ ਦੌਰਾਨ ਗੋਲੀ ਚੱਲੀ

White House ਪੱਤਰਕਾਰਾਂ ਲਈ ਰਾਤਰੀ ਭੋਜ ਦੌਰਾਨ ਗੋਲੀ ਚੱਲੀ

ਵਾਸ਼ਿੰਗਟਨ: ਵ੍ਹਾਈਟ ਹਾਊਸ ਪੱਤਰਕਾਰਾਂ ਲਈ ਰੱਖੀ ਰਾਤ ਦੀ ਸਾਲਾਨਾ ਦਾਅਵਤ ਦੌਰਾਨ ਹੋਟਲ ਦੇ ਬਾਲਰੂਮ ਦੇ ਬਾਹਰ ਗੋਲੀ ਚੱਲ ਗਈ। ਇਸ ਮੌਕੇ ਬਾਲਰੂਮ ਦੇ ਅੰਦਰ ਮੁੱਖ ਮੰਚ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਆਪੋ-ਆਪਣੀਆਂ ਪਤਨੀਆਂ ਨਾਲ ਮੌਜੂਦ ਸਨ। ਖ਼ੁਫ਼ੀਆ ਸਰਵਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੌਰੀ ਉਥੋਂ ਸੁਰੱਖਿਅਤ ਬਾਹਰ ਕੱਢਿਆ। ਸੁਰੱਖਿਆ ਅਮਲੇ ਨੇ ਹਮਲਾਵਰ ਨੂੰ ਹਿਰਾਸਤ ’ਚ ਲੈਣ ਮਗਰੋਂ ਐੱਫ ਬੀ ਆਈ ਦੇ ਹਵਾਲੇ ਕਰ ਦਿੱਤਾ। ਉਸ ਦੀ ਪਛਾਣ ਕੈਲੀਫੋਰਨੀਆ ਦੇ ਕੋਲ ਥੌਮਸ ਐਲਨ (31) ਵਜੋਂ ਦੱਸੀ ਗਈ ਹੈ। ਰਾਸ਼ਟਰਪਤੀ ਟਰੰਪ ਨੇ ਮਗਰੋਂ ਟਰੁੱਥ ਸੋਸ਼ਲ ਉੱਤੇ ਐਲਾਨ ਕੀਤਾ ਕਿ ਉਹ ਅਗਲੇ 30 ਦਿਨਾਂ ’ਚ ਰਾਤ ਦੀ ਦਾਅਵਤ ਮੁੜ ਵਿਉਂਤਣਗੇ। ਪਿਛਲੇ ਦੋ ਸਾਲਾਂ ਦੌਰਾਨ ਟਰੰਪ ਉੱਤੇ ਦੋ ਹਮਲੇ ਹੋ ਚੁੱਕੇ ਹਨ। ਪਹਿਲਾ ਹਮਲਾ 13 ਜੁਲਾਈ 2024 ਨੂੰ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਅਤੇ ਦੂਜਾ ਹਮਲਾ 15 ਜੁਲਾਈ 2024 ਨੂੰ ਪਾਲਮ ਬੀਚ ਫਲੋਰਿਡਾ ’ਚ ਹੋਇਆ ਸੀ।

ਜਾਣਕਾਰੀ ਅਨੁਸਾਰ ਗੋਲੀਬਾਰੀ ਦੀ ਘਟਨਾ ਮੁਕਾਮੀ ਸਮੇਂ ਮੁਤਾਬਕ ਸ਼ਨਿੱਚਰਵਾਰ ਰਾਤੀਂ 8:34 ਵਜੇ ਦੀ ਹੈ। ਉਸ ਮੌਕੇ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ਕੌਰੈਸਪੌਂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵੇਜੀਆ ਜਿਆਂਗ ਤੇ ਮੈਂਟਲਿਸਟ ਊਜ਼ ਪਰਲਮੈਨ ਨਾਲ ਗੱਲਬਾਤ ਕਰ ਰਹੇ ਸਨ। ਖ਼ੁਫ਼ੀਆ ਸਰਵਿਸ ਦੇ ਅਧਿਕਾਰੀਆਂ ਨੇ ਟਰੰਪ, ਪ੍ਰਥਮ ਲੇਡੀ ਮੇਲਾਨੀਆ ਟਰੰਪ, ਉਪ ਰਾਸ਼ਟਰਪਤੀ ਵੈਂਸ ਤੇ ਦੂਜੀ ਮਹਿਲਾ ਊਸ਼ਾ ਵੈਂਸ ਨੂੰ ਤੁਰੰਤ ਸੁਰੱਖਿਆ ਘੇਰੇ ’ਚ ਲੈ ਲਿਆ ਤੇ ਬਾਲਰੂਮ ’ਚੋਂ ਬਾਹਰ ਕੱਢਿਆ। ਦਾਅਵਤ ਲਈ ਮੌਜੂਦ ਕਈ ਮਹਿਮਾਨ, ਜਿਨ੍ਹਾਂ ਵਿੱਚ ਕਈ ਵੱਡੇ ਸਿਆਸੀ ਆਗੂ, ਪੱਤਰਕਾਰ ਤੇ ਹੋਰ ਸ਼ਾਮਲ ਸਨ, ਮੇਜ਼ਾਂ ਹੇਠ ਲੁਕ ਗਏ। ਕੁਝ ਘੰਟਿਆਂ ਮਗਰੋਂ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਲਾਮਤੀ ਦਸਤਿਆਂ ਨੇ ਕੈਲੀਫੋਰਨੀਆ ਨਾਲ ਸਬੰਧਤ ਸ਼ਖ਼ਸ ਨੂੰ ਕਾਬੂ ਕੀਤਾ ਹੈ। ਟਰੰਪ ਨੇ ਘਟਨਾ ਨੂੰ ਯਾਦ ਕਰਦਿਆਂ ਕਿਹਾ, ‘‘ਮੈਂ ਆਵਾਜ਼ ਸੁਣੀ ਅਤੇ ਮੈਨੂੰ ਲੱਗਿਆ ਕਿ ਕੋਈ ਟ੍ਰੇਅ ਹੇਠਾਂ ਜਾ ਰਹੀ ਹੈ।’’ ਇਸ ਦੌਰਾਨ ਸੁਰੱਖਿਆ ਅਧਿਕਾਰੀ ਨੂੰ ਗੋਲੀ ਲੱਗੀ, ਪਰ ਉਹ ਬੁਲੇਟ ਪਰੂਫ ਜੈਕੇਟ ਕਰ ਕੇ ਬਚ ਗਿਆ। ਹਮਲਾਵਰ ਕਈ ਹਥਿਆਰਾਂ ਨਾਲ ਲੈਸ ਸੀ। ਟਰੰਪ ਨੇ ਫੌਕਸ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਗੋਲੀਬਾਰੀ ਲਈ ਕਾਬੂ ਕੀਤੇ ਸ਼ੱਕੀ ਨੇ ਹਥਿਆਰਾਂ ਤੇ ਚਾਕੂਆਂ ਨਾਲ ਹੋਟਲ ਵਿਚਲੇ ਬਾਲਰੂਮ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੇ ਆਪਣੀਆਂ ਕੁਝ ਲਿਖਤਾਂ ਵਿੱਚ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸੱਦਾ ਦਿੱਤਾ ਹੈ। ਉਸ ਦੇ ਪਰਿਵਾਰ ਨੇ ਗੋਲੀਬਾਰੀ ਤੋਂ ਪਹਿਲਾਂ ਉਸ ਬਾਬਤ ਕੁਝ ਫ਼ਿਕਰ ਪੁਲੀਸ ਨਾਲ ਸਾਂਝੇ ਕੀਤੇ ਸਨ। ਇਸ ਦੌਰਾਨ ਹੋਟਲ ਦੇ ਬਾਹਰ ਸੜਕ ਉੱਤੇ ਕਤਾਰਾਂ ਵਿੱਚ ਖੜ੍ਹੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਅਤੇ ਰੱਖਿਆ ਮੰਤਰੀ ਪੀਟ ਹੈੱਗਸੈਥ ਖ਼ਿਲਾਫ਼ ਨਾਅਰੇ ਲਾਏ। ਉਧਰ, ਡੈਮੋਕਰੈਟ ਆਗੂ ਨੈਨਸੀ ਪੈਲੋਸੀ ਨੇ ਕਿਹਾ ਕਿ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਰਾਸ਼ਟਰਪਤੀ, ਪ੍ਰਥਮ ਮਹਿਲਾ ਤੇ ਰਾਤ ਦੀ ਦਾਅਵਤ ਵਿੱਚ ਮੌਜੂਦ ਹਰ ਕੋਈ ਸੁਰੱਖਿਅਤ ਹੈ। ਡੈਮੋਕਰੈਟ ਆਗੂ ਰੋ ਖੰਨਾ ਤੇ ਰਿਪਬਲਿਕਨ ਆਗੂ ਸਟੀਵ ਸਕਾਲਾਈਸ ਨੇ ਸੁਰੱਖਿਆ ਅਮਲੇ ਵੱਲੋਂ ਦਿਖਾਈ ਫੁਰਤੀ ਦੀ ਤਾਰੀਫ਼ ਕੀਤੀ ਹੈ।

ਹਮਲਾਵਰ ਕੰਪਿਊਟਰ ਪ੍ਰੋਗਰਾਮਰ ਨਿਕਲਿਆ

ਵਾਸ਼ਿੰਗਟਨ: ਵ੍ਹਾਈਟ ਹਾਊਸ ਪੱਤਰਕਾਰਾਂ ਲਈ ਰਾਤ ਦੀ ਦਾਅਵਤ ਦੌਰਾਨ ਗੋਲੀਬਾਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੈਲੀਫੋਰਨੀਆ ਨਿਵਾਸੀ ਟਿਊਟਰ ਅਤੇ ਸ਼ੌਕੀਆ ਵੀਡੀਓ ਗੇਮ ਡਿਵੈਲਪਰ ਹੈ। ਕੈਲੀਫੋਰਨੀਆ ਦੇ ਟੌਰੈਂਸ ਵਾਸੀ ਕੋਲ ਥੌਮਸ ਐਲਨ ਦੀ ਮਈ 2025 ਦੀ ਪ੍ਰੋਫਾਈਲ ਫੋਟੋ ਕਥਿਤ ਹਮਲਾਵਰ ਦੀ ਉਸ ਤਸਵੀਰ ਨਾਲ ਮੇਲ ਖਾਂਦੀ ਹੈ, ਜੋ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਸ਼ਕੂਕ ਨੂੰ ਹਿਰਾਸਤ ’ਚ ਲੈਣ ਮੌਕੇ ਸਾਂਝੀ ਕੀਤੀ ਸੀ। ‘ਲਿੰਕਡਇਨ’ ਉੱਤੇ ਪੋਸਟ ਕੀਤੀ ਗਈ ਤਸਵੀਰ ਵਿੱਚ ਐਲਨ ਕੰਪਿਊਟਰ ਸਾਇੰਸ ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਡੋਮਿੰਗੇਜ ਹਿਲਸ ਤੋਂ ਮਾਸਟਰਜ਼ ਡਿਗਰੀ ਪ੍ਰਾਪਤ ਕਰਨ ਮਗਰੋਂ ਟੋਪੀ ਤੇ ਗਾਊਨ ਵਿੱਚ ਨਜ਼ਰ ਆ ਰਿਹਾ ਹੈ। ਐਲਨ ਨੇ 2017 ਵਿੱਚ ਪਾਸਾਡੇਨਾ ਸਥਿਤ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ (ਕੈਲਟੈਕ) ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸੀ।

‘ਜਮਹੂਰੀਅਤ ਵਿੱਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਆਲਮੀ ਆਗੂਆਂ ਨੇ ਇਸ ਗੱਲ ’ਤੇ ਰਾਹਤ ਜਤਾਈ ਕਿ ਟਰੰਪ, ਪ੍ਰਥਮ ਮਹਿਲਾ ਮੇਲਾਨੀਆ ਅਤੇ ਹੋਰ ਮਹਿਮਾਨ ਸੁਰੱਖਿਅਤ ਹਨ। ਸ੍ਰੀ ਮੋਦੀ ਨੇ ਐਕਸ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਇਹ ਜਾਣ ਕੇ ਰਾਹਤ ਮਿਲੀ ਕਿ ਰਾਸ਼ਟਰਪਤੀ ਟਰੰਪ, ਪ੍ਰਥਮ ਮਹਿਲਾ ਅਤੇ ਉਪ ਰਾਸ਼ਟਰਪਤੀ ਵਾਸ਼ਿੰਗਟਨ ਡੀ ਸੀ ਦੇ ਹੋਟਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਸੁਰੱਖਿਅਤ ਹਨ। ਮੈਂ ਉਨ੍ਹਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਜਮਹੂਰੀਅਤ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਨਿੰਦਾ ਹੋਣੀ ਚਾਹੀਦੀ ਹੈ।’’ ਕੈਨੇਡੀਅਨ ਰਾਸ਼ਟਰਪਤੀ ਮਾਰਕ ਕਾਰਨੀ ਨੇ ਘਟਨਾ ਨੂੰ ‘ਪ੍ਰੇਸ਼ਾਨ ਕਰਨ ਵਾਲੀ’ ਦੱਸਿਆ ਹੈ। ਕੋਰੀਆ ਗਣਰਾਜ ਦੇ ਰਾਸ਼ਟਰਪਤੀ ਲੀ ਜੇ ਮਯੁੰਗ, ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਮੈਕਸਿਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਮਲੇ ਦੀ ਨਿਖੇਧੀ ਕੀਤੀ ਹੈ।

Share: