ਲੁਧਿਆਣਾ: ਸਨਅਤੀ ਸ਼ਹਿਰ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦੋਂ ਸ਼ਹਿਰ ਦੇ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ। ਸਕੂਲਾਂ ਦੇ ਨਾਲ-ਨਾਲ ਈ-ਮੇਲ ਵਿੱਚ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਮਗਰੋਂ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਤੇ ਪੁਲੀਸ ਨੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਤੇ ਪੁਲੀਸ ਦੀਆਂ ਟੀਮਾਂ ਨੇ ਸਕੂਲਾਂ ਦੀ ਚੈਕਿੰਗ ਕੀਤੀ। ਧਮਕੀ ਦੇਣ ਵਾਲੇ ਨੇ ਦਾਅਵਾ ਕੀਤਾ ਕਿ ਆਉਣ ਵਾਲੇ 24 ਘੰਟਿਆਂ ਦੇ ਅੰਦਰ ਇਹ ਧਮਾਕੇ ਕੀਤੇ ਜਾਣਗੇ। ਸੂਚਨਾ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਉਨ੍ਹਾਂ ਸਕੂਲਾਂ ਵਿੱਚ ਪਹੁੰਚੀਆਂ, ਜਿਨ੍ਹਾਂ ਨੂੰ ਧਮਕੀ ਭਰੀਆਂ ਈ-ਮੇਲ ਮਿਲੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਸਕੂਲ ਪ੍ਰਸ਼ਾਸਨ ਦੀ ਅਧਿਕਾਰਤ ਈ-ਮੇਲ ’ਤੇ ਆਈ ਸੀ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਤੁਰੰਤ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ।
ਇਸ ਦੇ ਨਾਲ ਹੀ ਰੇਲਵੇ ਦੀ ਸੁਰੱਖਿਆ ਦੇ ਲਈ ਜੀ ਆਰ ਪੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਰੇਲਵੇ ਟਰੈਕਾਂ ਦੀ ਬਾਰੀਕੀ ਨਾਲ ਜਾਂਚ ਕਰਨ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸਭ ਤੋਂ ਪਹਿਲਾਂ ਸ਼ੇਰਪੁਰ ਸਥਿਤ ਸਪਰਿੰਗ ਡੇਲ ਪਬਲਿਕ ਸਕੂਲ ਨੂੰ ਈ-ਮੇਲ ਮਿਲੀ। ਸਕੂਲ ਦੀ ਅਧਿਕਾਰਤ ਮੇਲ ’ਤੇ ਲਿਖਿਆ ਸੀ ਕਿ 23 ਤੋਂ 24 ਅਪਰੈਲ ਦੇ ਵਿਚਕਾਰ ਸਕੂਲ ਦੇ ਅੰਦਰ ਧਮਾਕਾ ਹੋਵੇਗਾ। ਇਸ ਤੋਂ ਇਲਾਵਾ ਮੇਲ ਵਿੱਚ ਤਿੰਨ ਹੋਰ ਸਕੂਲਾਂ ਦੇ ਨਾਂ ਵੀ ਦਰਜ ਸਨ ਅਤੇ ਰੇਲਵੇ ਟਰੈਕ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਸਕੂਲ ਪ੍ਰਸ਼ਾਸਨ ਨੇ ਬਿਨਾਂ ਦੇਰੀ ਕੀਤੇ ਇਸ ਦੀ ਸੂਚਨਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।
ਇਸ ਤੋਂ ਬਾਅਦ ਸਕੂਲ ਵਿੱਚ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਮਾਪਿਆਂ ਨੂੰ ਸੁਨੇਹੇ ਭੇਜ ਕੇ ਬੱਚਿਆਂ ਨੂੰ ਜਲਦੀ ਘਰ ਲੈ ਜਾਣ ਲਈ ਕਿਹਾ ਗਿਆ। ਅਚਾਨਕ ਹੋਈ ਛੁੱਟੀ ਕਾਰਨ ਸਕੂਲ ਵਿੱਚ ਭਾਜੜਾਂ ਪੈ ਗਈਆਂ। ਇਸੇ ਦੌਰਾਨ ਜਦੋਂ ਪੁਲੀਸ ਅਤੇ ਬੰਬ ਨਕਾਰਾ ਦਸਤੇ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਲੋਕਾਂ ਨੂੰ ਬੰਬ ਦੀ ਧਮਕੀ ਬਾਰੇ ਪਤਾ ਲੱਗਾ।
ਪੁਲੀਸ ਨੇ ਸਕੂਲ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ, ਪਰ ਹਾਲੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਪੁਲੀਸ ਬਾਕੀ ਸਕੂਲਾਂ ਅਤੇ ਸਪਰਿੰਗ ਡੇਲ ਦੇ ਆਸ-ਪਾਸ ਦੇ ਇਲਾਕਿਆਂ ਦੀ ਵੀ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ।

