ਚੰਡੀਗੜ੍ਹ: ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ (ਮੋਡਸ ਓਪਰੇਂਡੀ) ਵਰਤਿਆ ਹੈ, ਜਿਸ ਰਾਹੀਂ ਪਿਛਲੇ ਸਾਲ ਦਸੰਬਰ ਵਿੱਚ ਸਾਬਕਾ ਆਈ.ਜੀ. (IG) ਅਮਰ ਸਿੰਘ ਚਾਹਲ ਤੋਂ 8.10 ਕਰੋੜ ਰੁਪਏ ਠੱਗੇ ਗਏ ਸਨ। ਇਸ ਠੱਗੀ ਵਿੱਚ ਇੱਕ ਵਪਾਰਕ ਪਲੇਟਫਾਰਮ ਦੀ ਨਕਲੀ ਵੈੱਬਸਾਈਟ ਅਤੇ ਇੱਕ ਫਰਜ਼ੀ ਡਿਜੀਟਲ ਡੈਸ਼ਬੋਰਡ ਤਿਆਰ ਕੀਤਾ ਗਿਆ ਸੀ ਜੋ ਰੋਜ਼ਾਨਾ ਦੇ ਵਪਾਰ ਅਤੇ ਫਰਜ਼ੀ ਭਾਰੀ ਮੁਨਾਫ਼ਾ ਦਿਖਾਉਂਦਾ ਸੀ।
ਐਫ.ਆਈ.ਆਰ ਅਨੁਸਾਰ ਉਦਯੋਗਪਤੀ ਜਗਦੀਪ ਸਿੰਘਲ ਤੋਂ ਕੁੱਲ 19,84,30,000 ਰੁਪਏ ਠੱਗੇ ਗਏ। ਇਹ ਰਕਮ 15 ਮਈ 2025 ਤੋਂ 20 ਨਵੰਬਰ 2025 ਦੇ ਵਿਚਕਾਰ 15 ਵੱਖ-ਵੱਖ ਬੈਂਕਾਂ ਦੇ 76 ਫਰਜ਼ੀ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ। ਹੈਰਾਨੀ ਦੀ ਗੱਲ ਹੈ ਕਿ 17 ਤੋਂ 20 ਨਵੰਬਰ ਦੇ ਸਿਰਫ਼ ਚਾਰ ਦਿਨਾਂ ਵਿੱਚ ਹੀ ਜਗਦੀਪ ਨੇ 5 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਨ੍ਹਾਂ ਖਾਤਿਆਂ ਵਿੱਚ ਪਾਈ। ਠੱਗਾਂ ਨੇ ਦਿੱਲੀ, ਮੁੰਬਈ, ਮਹਾਰਾਸ਼ਟਰ, ਗੁਜਰਾਤ, ਪੰਜਾਬ ਅਤੇ ਬੰਗਲੁਰੂ ਵਿੱਚ ਫੈਲੇ ‘ਮਿਊਲ’ (mule) ਖਾਤਿਆਂ ਦੇ ਨੈੱਟਵਰਕ ਦੀ ਵਰਤੋਂ ਕੀਤੀ।
ਬੈਂਕਾਂ ਵਿੱਚ ਟ੍ਰਾਂਸਫਰ ਕੀਤੀ ਰਕਮ ਦਾ ਵੇਰਵਾ:
IDFC ਬੈਂਕ: 19 ਖਾਤੇ (5.14 ਕਰੋੜ ਰੁਪਏ)
ICICI ਬੈਂਕ: 15 ਖਾਤੇ (5.23 ਕਰੋੜ ਰੁਪਏ)
ਬੈਂਕ ਆਫ਼ ਬੜੌਦਾ: 13 ਖਾਤੇ (3.39 ਕਰੋੜ ਰੁਪਏ)
ਐਕਸਿਸ ਬੈਂਕ: 8 ਖਾਤੇ (1.88 ਕਰੋੜ ਰੁਪਏ)
ਅਤੇ ਹੋਰ ਕਈ ਨਿੱਜੀ ਤੇ ਸਰਕਾਰੀ ਬੈਂਕ।
ਫੇਸਬੁੱਕ ਅਤੇ ਵਟਸਐਪ ਰਾਹੀਂ ਬੁਣਿਆ ਗਿਆ ਜਾਲ
ਪੀੜਤ ਜਗਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਰਾਹੀਂ ਲਾਲਚ ਦਿੱਤਾ ਗਿਆ ਅਤੇ ਬਾਅਦ ਵਿੱਚ ‘ਅਨਾਮਿਕਾ ਰਾਏ’ ਨਾਮ ਦੀ ਔਰਤ ਨੇ ਵਟਸਐਪ ਰਾਹੀਂ ਸੰਪਰਕ ਕੀਤਾ। ਉਸ ਨੇ ਕ੍ਰਿਪਟੋ ਐਕਸਚੇਂਜ ਦੀ ਪ੍ਰਤੀਨਿਧੀ ਬਣ ਕੇ ਪਹਿਲਾਂ ਭਰੋਸਾ ਜਿੱਤਿਆ ਅਤੇ ਫਿਰ ਨਿਵੇਸ਼ ਦੇ ਮੌਕਿਆਂ ਬਾਰੇ ਦੱਸਿਆ। ਜਦੋਂ ਜਗਦੀਪ ਨੇ ਨਿਵੇਸ਼ ਸ਼ੁਰੂ ਕੀਤਾ ਤਾਂ ਨਕਲੀ ਵੈੱਬਸਾਈਟ ’ਤੇ ਉਨ੍ਹਾਂ ਦਾ ਮੁਨਾਫ਼ਾ 43 ਲੱਖ ਡਾਲਰ ਤੋਂ ਵੱਧ ਦਿਖਾਇਆ ਜਾਣ ਲੱਗਾ, ਜਿਸ ਕਾਰਨ ਉਨ੍ਹਾਂ ਨੇ ਹੋਰ ਪੈਸੇ ਜਮ੍ਹਾਂ ਕਰਵਾ ਦਿੱਤੇ। ਅੰਤ ਵਿੱਚ, ਠੱਗਾਂ ਨੇ ਟੈਕਸ ਅਤੇ ‘ਗ੍ਰੀਨ ਚੈਨਲ’ ਫੀਸ ਦੇ ਨਾਮ ‘ਤੇ ਹੋਰ ਕਰੋੜਾਂ ਰੁਪਏ ਦੀ ਮੰਗ ਕੀਤੀ। ਪੁਲੀਸ ਨੇ ਇਸ ਨੂੰ ਸੂਬੇ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਸਕੈਮਾਂ ਵਿੱਚੋਂ ਇੱਕ ਦੱਸਿਆ ਹੈ।
