Sector 11 Chemist Murder: ਦੋ ਮੁਲਜ਼ਮ ਪੁਲੀਸ ਮੁਕਾਬਲੇ ’ਚ ਜ਼ਖ਼ਮੀ

Sector 11 Chemist Murder: ਦੋ ਮੁਲਜ਼ਮ ਪੁਲੀਸ ਮੁਕਾਬਲੇ ’ਚ ਜ਼ਖ਼ਮੀ

ਚੰਡੀਗਡ਼੍ਹ : ਸੈਕਟਰ 11 ਵਿੱਚ ਸਥਿਤ ਮੈਡੀਕਲ ਸਟੋਰ ਉੱਤੇ ਗੋਲੀਆਂ ਚਲਾ ਕੇ ਖਜ਼ਾਨਚੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਅੱਜ ਤੜਕੇ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਏ । ਇਨ੍ਹਾਂ ਦੋਵੇਂ ਮੁਲਜ਼ਮਾਂ ਸੰਨੀ ਮਹਿਰਾ ਤੇ ਆਰੀਅਨ ਨੂੰ ਸੈਕਟਰ 16 ਸਥਿਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਪੁਲੀਸ ਵੱਲੋਂ ਤੀਜੇ ਮੁਲਜ਼ਮ ਅਮਿਤ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਚੰਡੀਗੜ੍ਹ ਪੁਲੀਸ ਦੇ ਆਈ ਜੀ ਪੁਸ਼ਪਿੰਦਰ ਸਿੰਘ ਨੇ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਮੁਲਜ਼ਮ ਆਰੀਅਨ ਅਤੇ ਸੰਨੀ ਮਹਿਰਾ ਨੂੰ ਜੰਮੂ-ਕਸ਼ਮੀਰ ਤੋਂ ਬੁੱਧਵਾਰ ਦੇਰ ਸ਼ਾਮ ਗ੍ਰਿਫ਼ਤਾਰ ਕਰ ਕੇ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ। ਅੱਜ ਸਵੇਰੇ ਚੰਡੀਗੜ੍ਹ ਪੁਲੀਸ ਦੀ ਟੀਮ ਸ਼ਹਿਰ ਵਿੱਚ ਦਾਖਲ ਕਰ ਰਹੀ ਸੀ ਤਾਂ ਧਨਾਸ ਨੇੜੇ ਪੁਲੀਸ ਦੀ ਗੱਡੀ ਦਾ ਅਚਾਨਕ ਐਕਸੀਡੈਂਟ ਹੋ ਗਿਆ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੇ ਧਨਾਸ ਜੰਗਲ ਖੇਤਰ ਦੇ ਰਸਤੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਪੁਲੀਸ ਦੀ ਪਿਸਤੌਲ ਨਾਲ ਪੁਲੀਸ ’ਤੇ ਦੋ ਗੋਲੀਆਂ ਚਲਾਈਆਂ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਜਵਾਬੀ ਫਾਇਰਿੰਗ ਕਰਦਿਆਂ ਚਾਰ ਗੋਲੀਆਂ ਚਲਾਈਆਂ ਜੋ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ’ਤੇ ਲੱਗੀਆਂ। ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ 16 ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਹਮਲੇ ਦੇ ਪਿਛਲੇ ਕਾਰਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਆਈ ਜੀ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਸੰਨੀ ਮਹਿਰਾ ਤੇ ਅਮਿਤ ਵੱਲੋਂ ਮੈਡੀਕਲ ਸਟੋਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਸਨ, ਜਦੋਂਕਿ ਆਰੀਅਨ ਬਾਹਰ ਮੋਟਰਸਾਈਕਲ ’ਤੇ ਬੈਠਾ ਸੀ। ਉਹ ਘਟਨਾ ਤੋਂ ਬਾਅਦ ਬੱਸ ਰਾਹੀਂ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋ ਗਏ , ਜਿੱਥੋਂ ਰੇਲ ਗੱਡੀ ਰਾਹੀਂ ਜੰਮੂ-ਕਸ਼ਮੀਰ ਚਲੇ ਗਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਵਿੱਚ ਛਾਪਾ ਮਾਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦੋਂ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ 13 ਜੂਨ ਨੂੰ ਵਾਪਰੀ ਸੀ, ਜਦੋਂ ਦਿਨ ਦਿਹਾੜੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਸੈਕਟਰ 11 ਵਿੱਚ ਸਥਿਤ ਮੈਡੀਕਲ ਸਟੋਰ ਉੱਤੇ ਖਜ਼ਾਨਚੀ ਨੂੰ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ ਸਨ। ਗੋਲੀਆਂ ਲੱਗਣ ਕਰ ਕੇ ਮੈਡੀਕਲ ਸਟੋਰ ਦੇ ਖਜ਼ਾਨਚੀ ਜਾਨਕੀ ਦਾਸ ਦੀ ਮੌਤ ਹੋ ਗਈ ਸੀ। ਇਸ ਦੌਰਾਨ ਹਮਲਾਵਰ ਨੇ ਕੁਝ ਹੀ ਸਕਿੰਟਾਂ ਵਿੱਚ 13 ਗੋਲੀਆਂ ਚਲਾਈਆਂ ਸਨ।

Share: