ਪੱਛਮੀ ਬੰਗਾਲ ਵਿੱਚ ਸਿਆਸੀ ਤਾਕਤ ਦੇ ਵੱਡੇ ਇਮਤਿਹਾਨ ਵਜੋਂ ਦੇਖੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ ਹੋ ਗਿਆ। ਇਸ ਪੜਾਅ ਵਿੱਚ ਸੂਬੇ ਦੀਆਂ ਕੁੱਲ 294 ਸੀਟਾਂ ਵਿੱਚੋਂ ਅੱਧੇ ਤੋਂ ਵੱਧ ਭਾਵ 152 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ ਸ਼ੁਰੂ ਹੋਈ ਵੋਟਿੰਗ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਸਵੇਰੇ 9 ਵਜੇ ਤੱਕ ਸੂਬੇ ਦੀਆਂ 152 ਸੀਟਾਂ ’ਤੇ 18.76 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਉੱਤਰੀ ਬੰਗਾਲ ਦੇ ਦਾਰਜੀਲਿੰਗ ਤੇ ਜਲਪਾਈਗੁੜੀ ਤੋਂ ਲੈ ਕੇ ਦੱਖਣ ਦੇ ਮੁਰਸ਼ਿਦਾਬਾਦ, ਨਾਦੀਆ ਅਤੇ ਹੁਗਲੀ ਵਰਗੇ ਜ਼ਿਲ੍ਹਿਆਂ ਵਿੱਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਦਿਖਾਈ ਦੇ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਇਸ ਪੜਾਅ ਵਿੱਚ ਕੁੱਲ 3.6 ਕਰੋੜ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ ਲਗਭਗ 1.75 ਕਰੋੜ ਮਹਿਲਾਵਾਂ ਅਤੇ 465 ਥਰਡ ਜੈਂਡਰ ਵੋਟਰ ਸ਼ਾਮਲ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਹਿਲਾ ਗੇੜ ਸੂਬੇ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗਾ, ਜਿੱਥੇ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿੱਚ ਹਨ, ਉੱਥੇ ਹੀ ਭਾਜਪਾ ਇਸ ਵਾਰ ਵੱਡਾ ਉਲਟਫੇਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ।
ਸੁਰੱਖਿਆ ਦੇ ਪ੍ਰਬੰਧ
ਸੂਬੇ ਭਰ ਵਿੱਚ ਕੇਂਦਰੀ ਨੀਮ ਫੌਜੀ ਬਲਾਂ ਦੀਆਂ ਰਿਕਾਰਡ 2,450 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਗਭਗ ਢਾਈ ਲੱਖ ਜਵਾਨ ਸ਼ਾਮਲ ਹਨ। ਚੋਣ ਕਮਿਸ਼ਨ ਨੇ 8,000 ਤੋਂ ਵੱਧ ਪੋਲਿੰਗ ਸਟੇਸ਼ਨਾਂ ਨੂੰ ‘ਅਤਿ-ਸੰਵੇਦਨਸ਼ੀਲ’ ਐਲਾਨਿਆ ਹੈ। ਮਾਲਦਾ, ਮੁਰਸ਼ਿਦਾਬਾਦ, ਕੂਚ ਬਿਹਾਰ ਅਤੇ ਬੀਰਭੂਮ ਵਰਗੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ 2,193 ਤੋਂ ਵੱਧ ਤੁਰੰਤ ਕਾਰਵਾਈ ਟੀਮਾਂ (QRT) ਅਤੇ ਫਲਾਇੰਗ ਸਕੁਐਡ ਮੈਦਾਨ ਵਿੱਚ ਉਤਾਰੇ ਗਏ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ, ਪਰ ਸਿਆਸੀ ਸਰਗਰਮੀਆਂ ਕਾਰਨ ਪੂਰੇ ਬੰਗਾਲ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ।

