ਕਣਕ ਦੇ ਅੰਬਾਰ: ਪਿੰਡ ਬਾਦਲ ਦੇ ਕਿਸਾਨਾਂ ਨੇ ਸ਼ਮਸ਼ਾਨਘਾਟ ਨੂੰ ਬਣਾਇਆ ਅਨਾਜ ਮੰਡੀ

ਕਣਕ ਦੇ ਅੰਬਾਰ: ਪਿੰਡ ਬਾਦਲ ਦੇ ਕਿਸਾਨਾਂ ਨੇ ਸ਼ਮਸ਼ਾਨਘਾਟ ਨੂੰ ਬਣਾਇਆ ਅਨਾਜ ਮੰਡੀ

ਮੁਕਤਸਰ: ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਵਿੱਚ ਕਣਕ ਦੇ ਖ਼ਰੀਦ ਕੇਂਦਰ ’ਤੇ ਫ਼ਸਲ ਦੀ ਭਾਰੀ ਆਮਦ ਅਤੇ ਚੁਕਾਈ ਦੀ ਸੁਸਤ ਰਫ਼ਤਾਰ ਕਾਰਨ ਫਸਲ ਦੇ ਭੰਡਾਰਨ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਹਾਲਾਤ ਇਹ ਹਨ ਕਿ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀ ਨਾਲ ਲੱਗਦੇ ਸ਼ਮਸ਼ਾਨਘਾਟ ਵਿੱਚ ਲਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਸ਼ਮਸ਼ਾਨਘਾਟ ਨੂੰ ਸਟੋਰੇਜ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਗਪਗ ਹਰ ਸਾਲ ਅਜਿਹੀ ਸਥਿਤੀ ਬਣਦੀ ਹੈ ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ।

ਕਿਸਾਨਾਂ ਅਨੁਸਾਰ ਮੰਡੀ ਵਿੱਚ ਕਣਕ ਦੀ ਚੁਕਾਈ ਦਾ ਕੰਮ ਮੰਗਲਵਾਰ ਸ਼ਾਮ ਨੂੰ ਹੀ ਸ਼ੁਰੂ ਹੋਇਆ ਹੈ। ਉਨ੍ਹਾਂ ਸ਼ਿਕਾਇਤ ਕੀਤੀ ਕਿ ਉੱਚ ਅਧਿਕਾਰੀ ਸਿਰਫ਼ ਵੱਡੀਆਂ ਮੰਡੀਆਂ ਵੱਲ ਧਿਆਨ ਦਿੰਦੇ ਹਨ ਅਤੇ ਛੋਟੇ ਖ਼ਰੀਦ ਕੇਂਦਰਾਂ ਦਾ ਹਾਲ ਦੇਖਣ ਲਈ ਕੋਈ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਬਾਦਲ ਪਿੰਡ ਲੰਬੀ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ, ਜਿੱਥੋਂ ਦੀ ਨੁਮਾਇੰਦਗੀ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜੱਦੀ ਪਿੰਡ ਹੈ। ਸਰਕਾਰੀ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ ਤੱਕ ਮੰਡੀਆਂ ਵਿੱਚ 2,98,952 ਮੀਟ੍ਰਿਕ ਟਨ ਕਣਕ ਪਹੁੰਚ ਚੁੱਕੀ ਸੀ, ਜਿਸ ਵਿੱਚੋਂ 2,57,395 ਮੀਟ੍ਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ ਪਰ ਚੁਕਾਈ ਸਿਰਫ਼ 50,413 ਮੀਟ੍ਰਿਕ ਟਨ ਦੀ ਹੀ ਹੋਈ ਹੈ, ਜਿਸ ਕਾਰਨ 2 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਅਜੇ ਵੀ ਮੰਡੀਆਂ ਵਿੱਚ ਰੁਲ ਰਹੀ ਹੈ। ਇਕੱਲੇ ਬਾਦਲ ਪਿੰਡ ਵਿੱਚ 3,100 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 2,850 ਮੀਟ੍ਰਿਕ ਟਨ ਖ਼ਰੀਦੀ ਗਈ ਪਰ ਬੁੱਧਵਾਰ ਦੁਪਹਿਰ ਤੱਕ ਸਿਰਫ਼ 300 ਮੀਟ੍ਰਿਕ ਟਨ ਹੀ ਚੁੱਕੀ ਗਈ ਸੀ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਹਿਮਾਂਸ਼ੂ ਨੇ ਕਿਹਾ ਕਿ ਖ਼ਰੀਦ ਦੇ 72 ਘੰਟਿਆਂ ਦੇ ਅੰਦਰ ਚੁਕਾਈ ਕੀਤੀ ਜਾ ਰਹੀ ਹੈ ਅਤੇ ਉਹ ਸ਼ਮਸ਼ਾਨਘਾਟ ਵਿੱਚ ਪਈ ਕਣਕ ਨੂੰ ਜਲਦੀ ਚੁੱਕਣ ਦੇ ਹੁਕਮ ਜਾਰੀ ਕਰਨਗੇ।

Share: