ਰੁਦਰਪ੍ਰਯਾਗ (ਉੱਤਰਾਖੰਡ): ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾੜ ਵੈਦਿਕ ਮੰਤਰਾਂ ਦੇ ਜਾਪ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਸ਼ਰਧਾਲੂਆਂ ਲਈ ਅਧਿਕਾਰਤ ਤੌਰ ‘ਤੇ ਖੋਲ੍ਹ ਦਿੱਤੇ ਗਏ ਹਨ। ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਇਕੱਠੇ ਹੋਏ, ਜਿਸ ਨਾਲ ਡੂੰਘੀ ਸ਼ਰਧਾ ਦਾ ਮਾਹੌਲ ਬਣ ਗਿਆ।
ਜਿਵੇਂ ਹੀ ਦਰਵਾਜ਼ੇ ਖੁੱਲ੍ਹੇ ਭਗਵਾਨ ਸ਼ਿਵ ਅਤੇ “ਬਾਬਾ ਕੇਦਾਰ” ਦੇ ਜੈਕਾਰੇ ਮੰਦਰ ਦੇ ਚਾਰੇ ਪਾਸੇ ਗੂੰਜਣ ਲੱਗੇ। ਸਜਿਆ ਹੋਇਆ ਮੰਦਰ ਸ਼ਰਧਾਲੂਆਂ ਲਈ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਉੱਤਰਾਖੰਡ ਦੇ ਮੁੱਖ ਮੰਤਰੀ ਨੇ ਆਪਣੀ ਪਤਨੀ ਗੀਤਾ ਧਾਮੀ ਸਮੇਤ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੇ ਸੂਬੇ ਅਤੇ ਲੋਕਾਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਦਰਵਾਜ਼ੇ ਖੁੱਲ੍ਹਣ ਦੇ ਨਾਲ ਹੀ ਹਿਮਾਲਿਆ ਦੀ ਉੱਚਾਈ ‘ਤੇ ਸਥਿਤ ਇਹ ਪਵਿੱਤਰ ਅਸਥਾਨ ਇੱਕ ਵਾਰ ਫਿਰ ਸ਼ਿਵ ਭਗਤੀ ਦਾ ਕੇਂਦਰ ਬਣ ਗਿਆ ਹੈ, ਜੋ ਦੁਨੀਆ ਭਰ ਦੇ ਸ਼ਰਧਾਲੂਆਂ ਦਾ ਆਪਣੇ ਪਵਿੱਤਰ ਵਿਹੜੇ ਵਿੱਚ ਸਵਾਗਤ ਕਰ ਰਿਹਾ ਹੈ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਹੇਮੰਤ ਦਿਵੇਦੀ ਨੇ ਭੀੜ ਪ੍ਰਬੰਧਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਆਮਦ ਨੂੰ ਨਿਯੰਤਰਿਤ ਕਰਨ ਲਈ ਡਿਜੀਟਲ ਪ੍ਰਣਾਲੀਆਂ ਪੇਸ਼ ਕੀਤੀਆਂ ਗਈਆਂ ਹਨ। ਸਰਕਾਰ ਨੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਅਤੇ ਟੋਕਨ ਪ੍ਰਣਾਲੀ ਰਾਹੀਂ ਸੁਚਾਰੂ ਪ੍ਰਬੰਧ ਯਕੀਨੀ ਬਣਾਏ ਜਾਣਗੇ। ਮੁੱਖ ਮੰਤਰੀ ਧਾਮੀ ਨੇ 23 ਅਪਰੈਲ ਤੋਂ ਸ਼ੁਰੂ ਹੋਣ ਵਾਲੀ ਚਾਰ ਧਾਮ ਯਾਤਰਾ ਦੇ ਸੁਚਾਰੂ ਸੰਚਾਲਨ ‘ਤੇ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਸਾਰੀਆਂ ਤਿਆਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਜਾ ਸਕੇ।

