ਚੇਨਈ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਸਿਆਸੀ ਦਲਾਂ ਅਤੇ ਲੋਕਾਂ ਨੂੰ ‘ਦਹਿਸ਼ਤਜ਼ਦਾ’ ਕਰ ਰਹੇ ਹਨ। ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ ਦੇ ਨਾਲ ਚੇਨਈ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਅੰਨਾ ਡੀ ਐਮ ਕੇ ਦੇ ਭਾਜਪਾ ਨਾਲ ਗੱਠਜੋੜ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੂੰ ‘ਅਤਿਵਾਦੀ’ ਕਿਹਾ; ਹਾਲਾਂਕਿ ਜਦ ਮੀਡੀਆ ਨੇ ਇਸ ਟਿੱਪਣੀ ਦਾ ਪ੍ਰਸੰਗ ਸਪੱਸ਼ਟ ਕਰਨ ਲਈ ਦਬਾਅ ਪਾਇਆ ਤਾਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਪ੍ਰਧਾਨ ਮੰਤਰੀ ਦੇਸ਼ ਦੇ ਲੋਕਤੰਤਰੀ ਤਾਣੇ-ਬਾਣੇ ਨੂੰ ‘ਦਹਿਸ਼ਤਜ਼ਦਾ’ ਕਰ ਰਹੇ ਹਨ। ਉਹ ਆਪਣੀ ਸੱਤਾ ਤੇ ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਬਦਨਾਮ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ‘ਭਾਜਪਾ ਦਫ਼ਤਰ ਦਾ ਐਕਸਟੈਂਸ਼ਨ ਬਣ ਗਿਆ ਹੈ।’
ਉਨ੍ਹਾਂ ਪ੍ਰਧਾਨ ਮੰਤਰੀ ਉਤੇ ਚੋਣ ਪ੍ਰਚਾਰ ਦੇ ਆਖ਼ਰੀ ਗੇੜ ਵਿਚ ਚੋਣ ਜ਼ਾਬਤੇ ਦੇ ਉਲੰਘਣ ਦਾ ਦੋਸ਼ ਲਾਇਆ। ਖੜਗੇ ਨੇ ਮਹਿਲਾ ਰਾਖਵਾਂਕਰਨ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ’ਤੇ ਵੀ ਕੇਂਦਰ ਉਤੇ ਨਿਸ਼ਾਨਾ ਸੇਧਿਆ। ਉਨ੍ਹਾਂ ਪ੍ਰਧਾਨ ਮੰਤਰੀ ਉਤੇ ਇਹ ਦਾਅਵਾ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ।
ਖੜਗੇ ਮੁਆਫ਼ੀ ਮੰਗਣ: ਗੋਇਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਗਈ ਟਿੱਪਣੀ ’ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਸਬੰਧੀ ਖੜਗੇ ਦੇ ਨਾਲ-ਨਾਲ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੂੰ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਅਤੇ ਡੀ ਐੱਮ ਕੇ ਇੰਨੇ ਨੀਵੇਂ ਪੱਧਰ ’ਤੇ ਡਿੱਗ ਗਏ ਹਨ ਕਿ ਉਹ ਦੇਸ਼ ਦੇ ਲੋਕਾਂ ਵੱਲੋਂ ਚੁਣੇ ਪ੍ਰਧਾਨ ਮੰਤਰੀ ਨੂੰ ਅਤਿਵਾਦੀ ਕਹਿ ਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ।’’ ਗੋਇਲ ਅਨੁਸਾਰ, ‘‘ਇਹ ਗੱਠਜੋੜ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਅਸਲ ਵਿੱਚ ਭਾਰਤੀਆਂ ਨੂੰ ਅਤਿਵਾਦੀ ਕਹਿ ਰਿਹਾ ਹੈ। ਅਜਿਹੇ ਨਿੱਜੀ ਹਮਲੇ ਉਨ੍ਹਾਂ ਦੀ ਚੋਣ ਕਿਸਮਤ ਨਹੀਂ ਬਦਲ ਸਕਦੇ, ਜੋ ਲੋਕਾਂ ਦੇ ਗੁੱਸੇ ਕਾਰਨ ਪਹਿਲਾਂ ਹੀ ਤੈਅ ਹੋ ਚੁੱਕੀ ਹੈ।’’ ਭਾਜਪਾ ਦੇ ਆਈ ਟੀ ਵਿੰਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਖੜਗੇ ਨੇ ਪ੍ਰਧਾਨ ਮੰਤਰੀ ਨੂੰ ‘ਅਤਿਵਾਦੀ’ ਕਹਿ ਕੇ ਹੱਦ ਪਾਰ ਕਰ ਦਿੱਤੀ ਹੈ। ਕਾਂਗਰਸ ਹੁਣ ਪ੍ਰਧਾਨ ਮੰਤਰੀ ਮੋਦੀ ਨਾਲ ਨਹੀਂ, ਸਗੋਂ ਭਾਰਤ ਨਾਲ ਲੜ ਰਹੀ ਹੈ। ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਖੜਗੇ ਦਾ ਸਪੱਸ਼ਟੀਕਰਨ ਰੱਦ ਕਰਦਿਆਂ ਕਿਹਾ, ‘‘ਇਹ ਜ਼ੁਬਾਨ ਫਿਸਲਣਾ ਨਹੀਂ, ਸਗੋਂ ਰਾਹੁਲ ਗਾਂਧੀ ਦੇ ਕਹਿਣ ’ਤੇ ਰਚੀ ਗਈ ਸੋਚੀ-ਸਮਝੀ ਸਾਜ਼ਿਸ਼ ਹੈ।’’

