ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਆਦਿਲ ਬਿਨਾਂ ਜ਼ਿੰਦਗੀ ਮੁਹਾਲ: ਗੁਲਨਾਜ਼

ਪਹਿਲਗਾਮ: ਪਹਿਲਗਾਮ ’ਚ ਬੀਤੇ ਵਰ੍ਹੇ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ’ਚ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਖੱਚਰਵਾਲੇ ਆਦਿਲ ਹੁਸੈਨ ਸ਼ਾਹ ਦੀ ਪਤਨੀ ਗੁਲਨਾਜ਼ ਅਖ਼ਤਰ ਨੇ ਕਿਹਾ ਕਿ ਪਤੀ ਬਿਨਾਂ ਉਸ ਦੀ ਜ਼ਿੰਦਗੀ ਸੁਖਾਲੀ ਨਹੀਂ ਹੈ। ਪਰਿਵਾਰ ’ਚ ਇਕੋ-ਇਕ ਕਮਾਉਣ ਵਾਲੇ ਆਦਿਲ ਦੀ ਮੌਤ ਮਗਰੋਂ ਗੁਲਨਾਜ਼ ਆਪਣੇ ਪੇਕੇ ਚਲੀ ਗਈ ਹੈ ਅਤੇ ਉਥੇ ਰੋਜ਼ੀ-ਰੋਟੀ ਲਈ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਲਨਾਜ਼ ਨੇ ਭਾਵੁਕ ਹੁੰਦਿਆਂ ਕਿਹਾ, ‘‘ਆਦਿਲ ਨਾਲ ਮੇਰੇ ਨਿਕਾਹ ਨੂੰ ਛੇ ਸਾਲ ਹੋ ਗਏ ਸਨ। ਉਸ ਦੇ ਸਿਰ ’ਤੇ ਪਰਿਵਾਰ ਦੇ 4-5 ਜੀਆਂ ਦੀ ਜ਼ਿੰਮੇਵਾਰੀ ਸੀ। ਉਸ ਦੀ ਮੌਤ ਮਗਰੋਂ ਜਿਊਣਾ ਮੁਸ਼ਕਲ ਹੋ ਗਿਆ ਹੈ।’’ ਜਿਵੇਂ ਹੀ ਆਦਿਲ ਦੀ ਮੌਤ ਬਾਰੇ ਖ਼ਬਰ ਆਈ ਸੀ ਤਾਂ ਉਸ ’ਤੇ ਇਕ ਹੋਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਅਤੇ ਉਸ ਦੀ ਕੁੱਖ ’ਚ ਹੀ ਧੀ ਨੇ ਦਮ ਤੋੜ ਦਿੱਤਾ ਸੀ। ਹਮਲੇ ਵਾਲੇ ਦਿਨ ਨੂੰ ਚੇਤੇ ਕਰਦਿਆਂ ਗੁਲਨਾਜ਼ ਨੇ ਕਿਹਾ, ‘‘ਆਦਿਲ ਨੇ ਸਵੇਰੇ ਨਮਾਜ਼ ਪੜ੍ਹੀ ਸੀ ਅਤੇ ਚਾਹ-ਨਾਸ਼ਤਾ ਕਰ ਕੇ ਉਹ ਅਲਵਿਦਾ ਹੋਇਆ ਸੀ ਪਰ ਸ਼ਾਮ ਸਮੇਂ ਉਸ ਦੀ ਮੌਤ ਦੀ ਖ਼ਬਰ ਹੀ ਆਈ। ਮੈਨੂੰ ਮਾਣ ਹੈ ਕਿ ਆਦਿਲ ਨੇ ਸੈਲਾਨੀਆਂ ਨੂੰ ਬਚਾਉਂਦਿਆਂ ਆਪਣੀ ਸ਼ਹਾਦਤ ਦਿੱਤੀ ਹੈ।’’ ਆਦਿਲ ਉਸ ਸਮੇਂ ਮਾਰਿਆ ਗਿਆ ਸੀ ਜਦੋਂ ਉਸ ਨੇ ਹੌਸਲਾ ਕਰ ਕੇ ਸੈਲਾਨੀਆਂ ਨੂੰ ਬਚਾਉਣ ਲਈ ਇਕ ਦਹਿਸ਼ਤਗਰਦ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਆਦਿਲ ਦੇ ਭਰਾ ਨੌਸ਼ਾਦ ਹੁਸੈਨ ਸ਼ਾਹ ਨੇ ਕਿਹਾ ਕਿ ਉਸ ਨੂੰ ਭਰਾ ਦੀ ਬਹਾਦਰੀ ’ਤੇ ਮਾਣ ਹੈ। ਉਸ ਨੇ ਦਹਿਸ਼ਤੀ ਹਮਲੇ ਨੂੰ ਪਹਿਲਗਾਮ ’ਤੇ ‘ਧੱਬਾ’ ਕਰਾਰ ਦਿੱਤਾ।

Share: