ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ ਧਮਾਕਾ: ਮੌਤਾਂ ਦੀ ਗਿਣਤੀ 25 ਹੋਈ

ਵਿਰੂਧੁਨਗਰ (ਤਾਮਿਲਨਾਡੂ): ਇੱਥੇ ਕੱਟਾਨਾਰਪੱਟੀ ਨੇੜੇ ਪਟਾਕਿਆਂ ਦੀ ਇਕ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਜ਼ਿਆਦਾਤਰ ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਵਿਰੂਧੁਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5.5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਹਾਲ ਦੇ ਸਾਲਾਂ ਵਿੱਚ ਇਸ ਖੇਤਰ ਦੀਆਂ ਸਭ ਤੋਂ ਘਾਤਕ ਉਦਯੋਗਿਕ ਤ੍ਰਾਸਦੀਆਂ ਵਿੱਚੋਂ ਇੱਕ ਹੈ।

ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਜਾਣ ਕਾਰਨ ਉਨ੍ਹਾਂ ਦੀ ਪਛਾਣ ਜ਼ਿਆਦਾਤਰ ਪੀੜਤਾਂ ਵੱਲੋਂ ਪਹਿਨੇ ਹੋਏ ਗਹਿਣਿਆਂ ਰਾਹੀਂ ਹੀ ਸੰਭਵ ਹੋ ਸਕੀ ਹੈ। ਪਛਾਣ ਦੀ ਅਨਿਸ਼ਚਿਤਤਾ ਕਾਰਨ ਪਰਿਵਾਰਾਂ ਨੇ ਅਜੇ ਤੱਕ ਲਾਸ਼ਾਂ ’ਤੇ ਦਾਅਵਾ ਨਹੀਂ ਕੀਤਾ ਹੈ। ਫੈਕਟਰੀ ਦਾ ਮਾਲਕ ਮੁਥੂਮਾਨਿਕਮ ਫਿਲਹਾਲ ਫ਼ਰਾਰ ਹੈ। ਇਹ ਹਾਦਸਾ ‘ਵਣਜਾ ਫਾਇਰਕਰੈਕਰ’ ਯੂਨਿਟ ਵਿੱਚ ਵਾਪਰਿਆ, ਜੋ ਕਿ ਵਾਚਾਕਾਰਾਪੱਟੀ ਪੁਲੀਸ ਸਟੇਸ਼ਨ ਦੀ ਹੱਦ ਅੰਦਰ ਆਉਂਦਾ ਹੈ। ਖ਼ਬਰਾਂ ਅਨੁਸਾਰ, ਇਸ ਯੂਨਿਟ ਕੋਲ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀ ਈ ਐੱਸ ਓ), ਨਾਗਪੁਰ ਤੋਂ ਲਾਇਸੈਂਸ ਪ੍ਰਾਪਤ ਸੀ। ਪੋਸਟਮਾਰਟਮ ਰਿਪੋਰਟਾਂ ਅਨੁਸਾਰ 25 ਮ੍ਰਿਤਕਾਂ ਵਿੱਚ 22 ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ।

Share: