ਸਿੱਖਿਆ ’ਤੇ ਭਾਰੀ ਮਰਦਮਸ਼ੁਮਾਰੀ: ਕਈ ਸਕੂਲਾਂ ਵਿੱਚ 100 ਸਟਾਫ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ’ਤੇ ਲੱਗੀ

ਸਿੱਖਿਆ ’ਤੇ ਭਾਰੀ ਮਰਦਮਸ਼ੁਮਾਰੀ: ਕਈ ਸਕੂਲਾਂ ਵਿੱਚ 100 ਸਟਾਫ ਦੀ ਡਿਊਟੀ ਗੈਰ-ਵਿੱਦਿਅਕ ਕੰਮਾਂ ’ਤੇ ਲੱਗੀ

ਜਲੰਧਰ: ਸਕੂਲਾਂ ਵਿੱਚ ਦਾਖਲਿਆਂ ਦਾ ਸਮਾਂ ਚੱਲ ਰਿਹਾ ਹੈ ਪਰ ਜਲੰਧਰ ਭਰ ਦੇ ਸਰਕਾਰੀ ਸਕੂਲ ਸਟਾਫ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਡਿਜੀਟਲ ਮਰਦਮਸ਼ੁਮਾਰੀ (Census) ਦੀਆਂ ਡਿਊਟੀਆਂ ‘ਤੇ ਲਗਾਇਆ ਗਿਆ ਹੈ, ਜਿਸ ਕਾਰਨ ਜਮਾਤਾਂ ਲਗਪਗ ਅਧਿਆਪਕਾਂ ਤੋਂ ਸੱਖਣੀਆਂ ਹੋ ਗਈਆਂ ਹਨ।   ਅਧਿਆਪਕਾਂ ਨੇ ਦੱਸਿਆ ਕਿ ਕਈ ਸਕੂਲਾਂ ਵਿੱਚ ਲਗਪਗ ਸਾਰਾ ਸਟਾਫ ਮਰਦਮਸ਼ੁਮਾਰੀ ਦੇ ਕੰਮ ਲਈ ਤਾਇਨਾਤ ਕਰ ਦਿੱਤਾ ਗਿਆ ਹੈ, ਜਿਸ ਕਾਰਨ ਨਵੇਂ ਦਾਖਲਿਆਂ ਦੇ ਪ੍ਰਬੰਧ ਅਤੇ ਨਿਯਮਤ ਕਲਾਸਾਂ ਲਗਾਉਣ ਲਈ ਕੋਈ ਸਟਾਫ ਉਪਲਬਧ ਨਹੀਂ ਹੈ। ਨਗਰ ਨਿਗਮ ਜਲੰਧਰ ਦੇ ਜ਼ਿਲ੍ਹਾ ਮਰਦਮਸ਼ੁਮਾਰੀ ਅਫ਼ਸਰ ਵੱਲੋਂ ਜਾਰੀ ਪੱਤਰ ਅਨੁਸਾਰ ਕਰੀਬ 520 ਅਧਿਆਪਕਾਂ ਨੂੰ ਪਹਿਲਾਂ ਹੀ ਗਣਨਾਕਾਰ (enumerators) ਅਤੇ ਸੁਪਰਵਾਈਜ਼ਰ ਵਜੋਂ ਤਾਇਨਾਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੇ ਸਿਖਲਾਈ ਸੈਸ਼ਨ 20 ਤੋਂ 22 ਅਪਰੈਲ ਤੱਕ ਨਿਰਧਾਰਤ ਹਨ।

ਇਸ ਤਾਇਨਾਤੀ ਵਿੱਚ ਲੈਕਚਰਾਰ, ਮਾਸਟਰ ਕੇਡਰ ਅਧਿਆਪਕ ਅਤੇ ਸਕੂਲ ਪ੍ਰਿੰਸੀਪਲ ਵੀ ਸ਼ਾਮਲ ਹਨ। ਸਥਿਤੀ ਖਾਸ ਤੌਰ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ ਐੱਸ ਐੱਸ ਐੱਸ) ਕਾਦੀਆਂਵਾਲੀ, ਲਾਡੋਵਾਲੀ, ਸਕੂਲ ਆਫ਼ ਐਮੀਨੈਂਸ ਮਕਸੂਦਾਂ, ਸਰਕਾਰੀ ਮਿਡਲ ਸਕੂਲ ਖੁਸਰੋਪੁਰ ਅਤੇ ਜੀ ਐੱਸ ਐੱਸ ਐੱਸ ਹੇਰਾਂ ਵਰਗੇ ਸਕੂਲਾਂ ਵਿੱਚ ਚਿੰਤਾਜਨਕ ਹੈ, ਜਿੱਥੇ ਕਥਿਤ ਤੌਰ ‘ਤੇ 100 ਫੀਸਦੀ ਸਟਾਫ ਨੂੰ ਮਰਦਮਸ਼ੁਮਾਰੀ ਦੀ ਡਿਊਟੀ ‘ਤੇ ਲਗਾਇਆ ਗਿਆ ਹੈ।

ਅਧਿਆਪਕਾਂ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਡਿਊਟੀਆਂ ਲਗਾਉਣ ਵੇਲੇ ਸੰਤੁਲਨ ਬਣਾਉਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਤਾਇਨਾਤੀ 2011 ਦੀ ਮਰਦਮਸ਼ੁਮਾਰੀ ਦੌਰਾਨ ਵੀ ਨਹੀਂ ਹੋਈ ਸੀ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਿਚਾਲੇ ਤਾਲਮੇਲ ਦੀ ਕਮੀ ਦਾ ਦੋਸ਼ ਲਾਇਆ।

ਬੀ.ਐੱਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਨੇ ਕਿਹਾ ਕਿ ਜਲੰਧਰ ਵਿੱਚ ਲਗਪਗ ਅੱਧਾ ਅਧਿਆਪਕ ਅਮਲਾ ਪਹਿਲਾਂ ਹੀ SIR ਡਿਊਟੀਆਂ ਵਿੱਚ ਲੱਗਿਆ ਹੋਇਆ ਹੈ, ਜਦੋਂ ਕਿ ਬਾਕੀ ਬਚੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦਾ ਕੰਮ ਸੌਂਪ ਦਿੱਤਾ ਗਿਆ ਹੈ। ਇਸ ਨਾਲ ਸਰਕਾਰੀ ਸਕੂਲ ਅਸਲ ਵਿੱਚ ਖਾਲੀ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਗੈਰ-ਵਿੱਦਿਅਕ ਜ਼ਿੰਮੇਵਾਰੀਆਂ ਜਿਵੇਂ ਕਿ ਐੱਮ-ਸਟਾਰ ਐਪ ‘ਤੇ ਡਾਟਾ ਅਪਲੋਡ ਕਰਨਾ ਅਤੇ ਸਰਕਾਰੀ ਸਕੀਮਾਂ ਨਾਲ ਸਬੰਧਤ ਡਿਊਟੀਆਂ ਦੇ ਬੋਝ ਹੇਠ ਹਨ। ਲਾਡੋਵਾਲੀ ਰੋਡ ‘ਤੇ ਸਥਿਤ ਇਕ ਸਕੂਲ ਆਫ਼ ਐਮੀਨੈਂਸ ਦੇ ਅਧਿਆਪਕ ਨੇ ਕਿਹਾ ਕਿ ਇਸ ਸਾਲ ਨਿੱਜੀ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਦਾਖਲਾ ਲਿਆ ਹੈ, ਪਰ ਅਧਿਆਪਕਾਂ ਦੀ ਘਾਟ ਕਾਰਨ ਖਤਰਾ ਹੈ ਕਿ ਉਹ ਮੁੜ ਨਿੱਜੀ ਸਕੂਲਾਂ ਵੱਲ ਚਲੇ ਜਾਣਗੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਮਰਦਮਸ਼ੁਮਾਰੀ ਡਿਊਟੀਆਂ ‘ਤੇ ਲਗਾਏ ਜਾਣ ਵਾਲੇ ਅਧਿਆਪਕਾਂ ਦੀ ਗਿਣਤੀ 1400 ਤੱਕ ਜਾ ਸਕਦੀ ਹੈ ਅਤੇ ਅਕਾਦਮਿਕ ਕੰਮ ਮਈ ਤੱਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

Share: