ਮੁੰਬਈ: ਸਵੇਰ ਵੇਲੇ ਬੀ.ਐਸ.ਈ (BSE) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 236.64 ਅੰਕਾਂ ਦੀ ਤੇਜ਼ੀ ਨਾਲ 78,730.18 ’ਤੇ ਪਹੁੰਚ ਗਿਆ ਸੀ। ਇਸੇ ਤਰ੍ਹਾਂ ਐਨ.ਐਸ.ਈ (NSE) ਨਿਫ਼ਟੀ ਵੀ 66.65 ਅੰਕ ਚੜ੍ਹ ਕੇ 24,420.20 ’ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ, ਕੌਮਾਂਤਰੀ ਪੱਧਰ ’ਤੇ ਤੇਲ ਸਪਲਾਈ ਨੂੰ ਲੈ ਕੇ ਪੈਦਾ ਹੋਏ ਡਰ ਕਾਰਨ ਬਾਅਦ ਵਿੱਚ ਸੈਂਸੈਕਸ 27.41 ਅੰਕ ਡਿੱਗ ਕੇ 78,504.91 ’ਤੇ ਆ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਸਟੇਟ ਬੈਂਕ ਆਫ ਇੰਡੀਆ, ਆਈ.ਸੀ.ਆਈ.ਸੀ.ਆਈ ਬੈਂਕ, ਟ੍ਰੈਂਟ ਅਤੇ ਅਡਾਨੀ ਪੋਰਟਸ ਮੁਨਾਫ਼ੇ ਵਿੱਚ ਰਹੇ, ਜਦੋਂਕਿ ਐਚ.ਡੀ.ਐਫ.ਸੀ ਬੈਂਕ ਅਤੇ ਇੰਫੋਸਿਸ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ। ਆਈ.ਸੀ.ਆਈ.ਸੀ.ਆਈ ਬੈਂਕ ਦਾ ਮੁਨਾਫ਼ਾ 9.28 ਫੀਸਦੀ ਵਧਣ ਕਾਰਨ ਇਸ ਦੇ ਸ਼ੇਅਰਾਂ ਵਿੱਚ 2 ਫੀਸਦੀ ਦੀ ਤੇਜ਼ੀ ਰਹੀ।
ਬਾਜ਼ਾਰ ਮਾਹਿਰਾਂ ਅਨੁਸਾਰ, ਹੋਰਮੁਜ਼ ਜਲਡਮਰੂ (Strait of Hormuz) ਦੇ ਮੁੜ ਬੰਦ ਹੋਣ ਦੀਆਂ ਰਿਪੋਰਟਾਂ ਨੇ ਤੇਲ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ। ਬਰੈਂਟ ਕਰੂਡ ਦੀ ਕੀਮਤ 5.57 ਫੀਸਦੀ ਵਧ ਕੇ 95.41 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਜੀਓਜੀਤ ਇਨਵੈਸਟਮੈਂਟ ਦੇ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ ਕਿ ਇਰਾਨ ਅਤੇ ਅਮਰੀਕਾ ਦਰਮਿਆਨ ਵਧਦੀ ਖਿੱਚੋਤਾਣ ਅਤੇ 22 ਅਪਰੈਲ ਨੂੰ ਖ਼ਤਮ ਹੋ ਰਹੀ ਜੰਗਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਹੋਰ ਵੀ ਅਸਥਿਰ ਰਹਿ ਸਕਦਾ ਹੈ। ਦੂਜੇ ਪਾਸੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 13 ਪੈਸੇ ਮਜ਼ਬੂਤ ਹੋ ਕੇ 92.78 ’ਤੇ ਪਹੁੰਚ ਗਿਆ। ਰਿਜ਼ਰਵ ਬੈਂਕ (RBI) ਵੱਲੋਂ ਚੁੱਕੇ ਗਏ ਕਦਮਾਂ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਰਾਹਤ ਦੀਆਂ ਉਮੀਦਾਂ ਕਾਰਨ ਰੁਪਏ ਵਿੱਚ ਇਹ ਸੁਧਾਰ ਦੇਖਿਆ ਗਿਆ

