Amritsar : ਸੁਲਤਾਨਵਿੰਡ ਰੋਡ ‘ਤੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ ਕਾਰਨ ਇੱਕ ਹਲਾਕ

Amritsar : ਸੁਲਤਾਨਵਿੰਡ ਰੋਡ ‘ਤੇ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ ਕਾਰਨ ਇੱਕ ਹਲਾਕ

ਅੰਮ੍ਰਿਤਸਰ: ਇੱਥੇ ਸੁਲਤਾਨਵਿੰਡ ਰੋਡ ’ਤੇ ਡਰੰਮਾਂ ਵਾਲੇ ਬਾਜ਼ਾਰ ਵਿੱਚ ਇੱਕ ਮਾਮੂਲੀ ਝਗੜੇ ਮਗਰੋਂ ਚੱਲੀ ਗੋਲੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਦਵਿੰਦਰ ਸਿੰਘ ਸਾਹਿਬ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਬਲਵਿੰਦਰ ਸਿੰਘ ਰਾਜਾ, ਅਜਮੇਰ ਸਿੰਘ ਅਤੇ ਅਰੁਣ ਸ਼ਾਮਲ ਹਨ।

ਦੋ ਧਿਰਾਂ ਦੀ ਆਪਸੀ ਤਕਰਾਰ ਕਾਰਨ ਚੱਲੀ ਗੋਲੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਦੇ ਏ ਡੀ ਸੀ ਪੀ ਹਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਨਿੱਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਕੰਟਰੋਲ ਰੂਮ ’ਤੇ ਰਾਤ ਲਗਪਗ 12.30 ਵਜੇ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ ਕਿ ਡਰੰਮਾਂ ਵਾਲੇ ਬਾਜ਼ਾਰ ਵਿੱਚ ਦੋ ਧਿਰਾਂ ਵਿਚਾਲੇ ਗੋਲੀ ਚੱਲੀ ਹੈ ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਇਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਇਸ ਨੂੰ ਰੰਜਿਸ਼ ਦਾ ਮਾਮਲਾ ਦੱਸਿਆ ਹੈ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਬੀ ਡਿਵੀਜ਼ਨ ਦੇ ਐੱਸ ਐੱਚ ਓ ਬਲਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਹਸਪਤਾਲ ਪੁੱਜੇ, ਜਿੱਥੇ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਰਾਜਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਡਰੰਮਾਂ ਵਾਲੇ ਬਾਜ਼ਾਰ ਦਾ ਰਹਿਣ ਵਾਲਾ ਹੈ ਅਤੇ ਟੈਕਸੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਘਰ ਕੋਲੋਂ ਜਸਕਰਨ ਸਿੰਘ ਨਾਂ ਦਾ ਵਿਅਕਤੀ ਤੇਜ਼ ਰਫਤਾਰ ਕਾਰ ਲੈ ਕੇ ਲੰਘਿਆ ਸੀ। ਉਸ ਦੇ ਪਰਿਵਾਰ ਨੇ ਇਸ ’ਤੇ ਇਤਰਾਜ਼ ਕੀਤਾ ਸੀ। ਫੱਟੜ ਵਿਅਕਤੀ ਨੇ ਦੱਸਿਆ ਕਿ ਰਾਤ ਜਦੋਂ ਉਹ ਆਪਣੀ ਟੈਕਸੀ ਲੈ ਕੇ ਘਰ ਆਇਆ ਅਤੇ ਘਰ ਦੇ ਬਾਹਰ ਕਾਰ ਸਾਫ਼ ਕਰ ਰਿਹਾ ਸੀ ਤਾਂ ਇਹ ਵਿਅਕਤੀ ਮੁੜ ਤੇਜ਼ ਰਫਤਾਰ ਕਾਰ ਲੈ ਕੇ ਲੰਘਿਆ। ਜਦੋਂ ਉਸ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸ ਨੇ ਗਾਲੀ-ਗਲੋਚ ਕੀਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੋਨ ਉੱਪਰ ਹੀ ਦੋਵਾਂ ਵਿਚਾਲੇ ਤਿੱਖੀ ਤਕਰਾਰ ਹੋਈ। ਇਸ ਦੌਰਾਨ ਬਲਵਿੰਦਰ ਸਿੰਘ ਰਾਜਾ ਨੇ ਆਪਣੇ ਸਾਥੀਆਂ ਦਵਿੰਦਰ ਸਾਹਿਬ, ਅਜਮੇਰ ਸਿੰਘ ਅਤੇ ਅਰੁਣ ਨੂੰ ਸੱਦ ਲਿਆ। ਦੂਜੇ ਪਾਸੇ ਜਸਕਰਨ ਸਿੰਘ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਪੁੱਜ ਗਿਆ, ਜਿਨ੍ਹਾਂ ਵਿੱਚ ਰਾਹੁਲ ਤੇ ਹੋਰ ਅਣਪਛਾਤੇ ਸ਼ਾਮਲ ਸਨ। ਜ਼ਖਮੀ ਹੋਏ ਰਾਜਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਦੂਜੀ ਧਿਰ ਨੇ ਮੌਕੇ ’ਤੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦਵਿੰਦਰ ਸਾਹਿਬ ਦੇ ਢਿੱਡ ਵਿੱਚ ਗੋਲੀ ਲੱਗੀ ਅਤੇ ਬਾਕੀਆਂ ਦੀਆਂ ਲੱਤਾਂ ਤੇ ਬਾਂਹ ਵਿੱਚ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਏ। ਇਸ ਤਕਰਾਰ ਵਿੱਚ ਦਵਿੰਦਰ ਸਾਹਿਬ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

Share: