ਟਰੰਪ ਨੇ ਖ਼ੁਦ ਨੂੰ ‘ਈਸਾ ਮਸੀਹ’ ਵਜੋਂ ਪੇਸ਼ ਕਰਦੀ AI ਤਸਵੀਰ ਕੀਤੀ ਸਾਂਝੀ; ਧਾਰਮਿਕ ਜਗਤ ’ਚ ਰੋਸ

ਟਰੰਪ ਨੇ ਖ਼ੁਦ ਨੂੰ ‘ਈਸਾ ਮਸੀਹ’ ਵਜੋਂ ਪੇਸ਼ ਕਰਦੀ AI ਤਸਵੀਰ ਕੀਤੀ ਸਾਂਝੀ; ਧਾਰਮਿਕ ਜਗਤ ’ਚ ਰੋਸ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤਸਵੀਰ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਵਿੱਚ ਨਜ਼ਰ ਆ ਰਹੇ ਹਨ ਅਤੇ ਇੱਕ ਬੀਮਾਰ ਵਿਅਕਤੀ ’ਤੇ ਹੱਥ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦੀਆਂ ਉਂਗਲਾਂ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ।

ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਟਰੰਪ ਅਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ XIV ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੋਪ ਵੱਲੋਂ ਅਮਰੀਕਾ-ਇਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਭੜਕੇ ਟਰੰਪ ਨੇ ਕਿਹਾ, “ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਹਾਂ। ਉਹ ਬਹੁਤ ਉਦਾਰਵਾਦੀ (Liberal) ਵਿਅਕਤੀ ਹਨ ਅਤੇ ਅਪਰਾਧਾਂ ਪ੍ਰਤੀ ਨਰਮ ਹਨ। ਉਹ ‘ਕੱਟੜਪੰਥੀ ਖੱਬੇਪੱਖੀਆਂ’ ਦੇ ਹੱਥਾਂ ਵਿੱਚ ਖੇਡਣਾ ਬੰਦ ਕਰਨ।” ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਵ੍ਹਾਈਟ ਹਾਊਸ ਵਿੱਚ ਨਾ ਹੁੰਦੇ, ਤਾਂ ਲੀਓ ਸ਼ਾਇਦ ਵੈਟੀਕਨ ਵਿੱਚ ਨਾ ਹੁੰਦੇ।

ਧਾਰਮਿਕ ਜਥੇਬੰਦੀਆਂ ਨੇ ਜਤਾਇਆ ਇਤਰਾਜ਼

ਟਰੰਪ ਵੱਲੋਂ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਲਈ ਵਰਤੋਂ ਕਰਨ ’ਤੇ ਕਈ ਧਾਰਮਿਕ ਸਮੂਹਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਨਿੰਦਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਖ਼ੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਇਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ, ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ‘ਡਿਜੀਟਲ ਵਿਅੰਗ’ ਕਰਾਰ ਦੇ ਰਹੇ ਹਨ।

ਦੱਸ ਦਈਏ ਕਿ ਅਮਰੀਕਾ-ਇਰਾਨ ਜੰਗ ਨੂੰ ਲੈ ਕੇ ਪੋਪ ਨੇ ਜੰਗ ਨੂੰ ‘ਸਰਵਸ਼ਕਤੀਮਾਨ ਹੋਣ ਦਾ ਭੁਲੇਖਾ’ ਦੱਸਿਆ, ਜਦੋਂਕਿ ਟਰੰਪ ਨੇ ਇਸ ਨੂੰ ਰੱਬ ਦੀ ਮਰਜ਼ੀ ਕਿਹਾ। ਟਰੰਪ ਨੇ ਪੋਪ ’ਤੇ ਦੋਸ਼ ਲਾਇਆ ਕਿ ਉਹ ਅਮਰੀਕਾ ਵੱਲੋਂ ਵੇਨੇਜ਼ੁਏਲਾ ’ਤੇ ਕੀਤੇ ਹਮਲੇ ਦੀ ਨਿੰਦਾ ਕਰਕੇ ਗਲਤੀ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਅਜਿਹੇ ਪੋਪ ਨੂੰ ਪਸੰਦ ਨਹੀਂ ਕਰਦੇ ਜੋ ਇਰਾਨ ਕੋਲ ਪਰਮਾਣੂ ਹਥਿਆਰ ਹੋਣ ਨੂੰ ਸਹੀ ਮੰਨਦਾ ਹੋਵੇ।

ਇਸ ਘਟਨਾ ਨੇ ਮੀਡੀਆ ਅਤੇ ਸਿਆਸਤ ਵਿੱਚ AI ਦੀ ਵਰਤੋਂ ਅਤੇ ਧਾਰਮਿਕ ਮਰਿਆਦਾਵਾਂ ’ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀ ਲੋਕਾਂ ਨੂੰ ਈਸਾ ਮਸੀਹ ਦੇ ਨਾਮ ’ਤੇ ਜੰਗ ਵਿੱਚ ਜਿੱਤ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਇਹ ਟਕਰਾਅ ਹੋਰ ਡੂੰਘਾ ਹੋ ਗਿਆ ਹੈ।

Share: