ਡਰੋਨ ਰਾਹੀਂ ਆਈ ਨਸ਼ੇ ਦੀ ਵੱਡੀ ਖੇਪ ਮਿਲੀ

ਡਰੋਨ ਰਾਹੀਂ ਆਈ ਨਸ਼ੇ ਦੀ ਵੱਡੀ ਖੇਪ ਮਿਲੀ

ਮੱਲਾਂਵਾਲਾ: ਇਥੋਂ ਨੇੜਲੇ ਪਿੰਡ ਕੋਹਾਲਾ ਦੇ ਖੇਤਾਂ ਵਿਚੋਂ ਹੈਰੋਇਨ ਅਤੇ ਡਰੋਨ ਮਿਲਿਆ ਹੈ। ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਹਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਖੇਤਾਂ ਵਿੱਚ ਡਰੋਨ ਡਿੱਗਿਆ ਹੈ। ਪੁਲੀਸ ਟੀਮ ਮੌਕੇ ’ਤੇ ਪਹੁੰਚ ਕੇ ਹੈਰੋਇਨ ਤੇ ਡਰੋਨ ਕਬਜ਼ੇ ਵਿੱਚ ਲੈ ਲਿਆ। ਜਾਂਚ ਦੌਰਾਨ ਡਰੋਨ ਨਾਲੋਂ ਲਗਪਗ 7 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜ਼ੀਰਾ ਤਹਿਸੀਲ ਪਿੰਡ ਕੋਹਾਲਾ ਭਾਰਤ ਪਾਕਿਸਤਾਨ ਸਰਹੱਦ ਤੋਂ ਕਰੀਬ 22 ਕਿਲੋਮੀਟਰ ਦੂਰ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਗੁਰਜੰਟ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਕੋਹਾਲਾ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ ਸੀ, ਜਿੱਥੇ ਉਸ ਨੂੰ ਬਹੁਤ ਪਹਿਲਾਂ ਸਮਾਂ ਕਣਕ ਦੀ ਫਸਲ ਵਿੱਚ ਡਿੱਗਿਆ ਹੋਇਆ ਪੁਰਾਣਾ ਚੀਨੀ ਡਰੋਨ ਅਤੇ ਨਾਲ ਬੰਨ੍ਹੇ ਹੋਏ ਹੈਰੋਇਨ ਦੇ ਪੈਕਟ ਮਿਲੇ, ਜਿਸ ਦੀ ਸੂਚਨਾ ਉਸ ਨੇ ਥਾਣਾ ਮੱਲਾਂਵਾਲਾ ਦੀ ਪੁਲੀਸ ਨੂੰ ਦਿੱਤੀ। ਪੁਲੀਸ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਡਰੋਨ ਰਾਹੀਂ ਨਸ਼ੇ ਦੀ ਖੇਪ ਦਾ ਇੰਨੀ ਦੂਰ ਤੱਕ ਪਹੁੰਚਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਲਾਕੇ ਵਿੱਚ ਪਹਿਲੀ ਵਾਰ ਇੰਨੀ ਦੂਰ ਤੱਕ ਇਸ ਕਿਸਮ ਦੀ ਤਸਕਰੀ ਸਾਹਮਣੇ ਆਈ ਹੈ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪੁਲੀਸ ਨੇ ਡਰੋਨ ਅਤੇ ਬਰਾਮਦ ਕੀਤੀ ਗਈ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਤਸਕਰਾਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

Share: