ਜਗਰਾਉਂ: ਵਰਿੰਦਾਵਨ ਕਿਸ਼ਤੀ ਹਾਦਸੇ ਤੋਂ ਬਾਅਦ ਲਾਪਤਾ ਚੱਲ ਰਹੇ ਜਗਰਾਉਂ ਦੇ ਨੌਵਜਾਨ ਰਿਸ਼ਭ ਸ਼ਰਮਾ ਦੀ ਦੇਹ ਹਾਦਸੇ ਦੇ 48 ਘੰਟਿਆਂ ਬਾਅਦ ਅੱਜ ਸਵੇਰੇ ਯਮੁਨਾ ਨਦੀ ਦੇ ਪਾਣੀ ਵਿੱਚੋਂ ਮਿਲ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪਹਿਲਾਂ ਲੁਧਿਆਣਾ ਦੀ ਲਾਪਤਾ ਲੜਕੀ ਦੀ ਲਾਸ਼ ਆਪਣੇ-ਆਪ ਪਾਣੀ ਦੇ ਉੱਪਰ ਆ ਗਈ। ਉਥੇ ਮੌਜੂਦ ਗੋਤਾਖੋਰਾਂ ਨੇ ਜਦੋਂ ਲੜਕੀ ਦੀ ਲਾਸ਼ ਕੱਢਣੀ ਸ਼ੁਰੂ ਕੀਤੀ ਤਾਂ ਉਸੇ ਵਕਤ ਇੱਕ ਨੌਜਵਾਨ ਦੀ ਲਾਸ਼ ਵੀ ਪਾਣੀ ’ਚ ਦਿਖਾਈ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਇਹ ਲਾਸ਼ਾਂ ਪਾਣੀ ਵਿੱਚੋਂ ਬਾਹਰ ਕੱਢੀਆਂ ਗਈਆਂ। ਪੰਜਾਬ ਸਰਕਾਰ ਵਲੋਂ ਰਾਹਤ ਕਾਰਜਾਂ ਲਈ ਵਰਿੰਦਾਵਨ ਭੇਜੇ ਜਗਰਾਉਂ ਦੇ ਤਹਿਸੀਲਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਦੇਹ ਦੀ ਪਛਾਣ ਕਰਵਾਉਣ ਲਈ ਵਰਿੰਦਾਵਨ ਵਿੱਚ ਹੀ ਰਿਸ਼ਭ ਦੀ ਭਾਲ ਵਿੱਚ ਪਹੁੰਚੇ ਉਸ ਦੇ ਪਿਤਾ ਉਮੇਸ਼ ਸ਼ਰਮਾ ਬਾਵਾ ਤੇ ਮਾਂ ਉਮਾ ਸ਼ਰਮਾ ਨੂੰ ਮੌਕੇ ’ਤੇ ਸੱਦਿਆ ਗਿਆ, ਜਿਨ੍ਹਾਂ ਨੇ ਰਿਸ਼ਭ ਦੀ ਦੇਹ ਦੀ ਸ਼ਨਾਖਤ ਕੀਤੀ। ਇਸ ਮਗਰੋਂ ਰਿਸ਼ਭ ਦੀ ਲਾਸ਼ ਉਥੇ ਹਸਪਤਾਲ ਲਿਜਾਈ ਗਈ। ਵੇਰਵਿਆਂ ਮੁਤਾਬਕ ਪਰਿਵਾਰ ਵੱਲੋਂ ਰਿਸ਼ਭ ਦੀ ਦੇਹ ਉਥੋਂ ਲਿਆਉਣ ਮਗਰੋਂ ਸੋਮਵਾਰ ਸਵੇਰੇ 9.30 ਵਜੇ ਸਥਾਨਕ ਸ਼ੇਰਪੁਰਾ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ। ਦੂਜੇ ਪਾਸੇ ਜਿਹੜੇ ਪੰਜ ਮ੍ਰਿਤਕਾਂ ਦਾ ਸ਼ਨਿਚਰਵਾਰ ਨੂੰ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ’ਚ ਸਸਕਾਰ ਕੀਤਾ ਗਿਆ ਸੀ, ਉਨ੍ਹਾਂ ਦੇ ਅੱਜ ਫੁੱਲ ਚੁਗ ਕੇ ਅੰਗੀਠਾ ਸੰਭਾਲਿਆ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ, ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਲੋਕ ਸ਼ਾਮਲ ਸਨ।
Posted inLudhiana
