ਜੈਤੋ ਦੀ ਤਮੰਨਾ ਅੱਠਵੀਂ ਵਿੱਚ ਅੱਵਲ

ਜੈਤੋ ਦੀ ਤਮੰਨਾ ਅੱਠਵੀਂ ਵਿੱਚ ਅੱਵਲ

ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਇਨ੍ਹਾਂ ਨਤੀਜਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਲੜਕੀਆਂ ਕਾਬਜ਼ ਰਹੀਆਂ ਹਨ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫ਼ਰੀਦਕੋਟ) ਦੀ ਤਮੰਨਾ ਪੁੱਤਰੀ ਨਰਿੰਦਰ ਕੁਮਾਰ, ਰੋਲ ਨੰਬਰ 8026236105 ਨੇ 600 ਵਿੱਚੋਂ 600 ਅੰਕ ਲੈ ਕੇ ਸੂਬੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਮਿਡਲ ਸਕੂਲ, ਅਰਕਵਾਸ (ਸੰਗਰੂਰ) ਦੀ ਜਪਨੀਤ ਕੌਰ ਪੁੱਤਰੀ ਕੁਲਦੀਪ ਸਿੰਘ, ਰੋਲ ਨੰਬਰ 8026921281 ਨੇ 600 ਵਿੱਚੋਂ 598 ਅੰਕ ਲੈ ਕੇ ਦੂਜਾ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫ਼ਰੀਦਕੋਟ) ਦੀ ਜਸ਼ਨਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ ਰੋਲ ਨੰਬਰ 8026238728 ਨੇ ਵੀ 600 ਵਿੱਚੋਂ 598 ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਹੈ ਪਰ ਉਮਰ ਦੇ ਆਧਾਰ ’ਤੇ ਜਪਨੀਤ ਕੌਰ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 10,422 ਸਕੂਲਾਂ ਦੇ ਕੁੱਲ 2,62,966 ਰੈਗੂਲਰ ਪ੍ਰੀਖਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ, ਜਿਨ੍ਹਾਂ ’ਚੋਂ 2,53,789 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਪਾਸ ਪ੍ਰਤੀਸ਼ਤਤਾ 96.51 ਫ਼ੀਸਦ ਰਹੀ ਹੈ। ਇਸ ਸਾਲ 9143 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਹੈ ਜਦ ਕਿ 34 ਪ੍ਰੀਖਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਇਸ ਸਾਲ 1,23,603 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 1,20,808 ਕੁੜੀਆਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.74 ਫ਼ੀਸਦੀ ਰਹੀ ਹੈ। ਦੂਜੇ ਪਾਸੇ, 1,39,355 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,32,973 ਮੁੰਡੇ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.42 ਫ਼ੀਸਦ ਰਹੀ ਹੈ। ਇਸੇ ਤਰ੍ਹਾਂ ਅੱਠ ਟਰਾਂਸਜੈਂਡਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਪਾਸ ਹੋ ਗਏ।

ਪ੍ਰਤੀਸ਼ਤਤਾ ’ਚੋਂ ਪਠਾਨਕੋਟ ਜ਼ਿਲ੍ਹਾ ਮੋਹਰੀ ਤੇ ਸ੍ਰੀ ਮੁਕਤਸਰ ਸਾਹਿਬ ਫਾਡੀ

ਅੱਠਵੀਂ ਜਮਾਤ ਦੇ ਨਤੀਜਿਆਂ ਦੀ ਜ਼ਿਲ੍ਹਾ ਵਾਰ ਪਾਸ ਪ੍ਰਤੀਸ਼ਤਤਾ ਵਿੱਚੋਂ ਜ਼ਿਲ੍ਹਾ ਪਠਾਨਕੋਟ 98.90 ਫ਼ੀਸਦ ਨਾਲ ਪਹਿਲੇ, ਅੰਮ੍ਰਿਤਸਰ 98.65 ਫ਼ੀਸਦ ਨਾਲ ਦੂਜੇ ਅਤੇ ਗੁਰਦਾਸਪੁਰ 98.43 ਫ਼ੀਸਦ ਨਾਲ ਤੀਜੇ ਸਥਾਨ ’ਤੇ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪਾਸ ਪ੍ਰਤੀਸ਼ਤਤਾ 93.75 ਰਹੀ ਹੈ ਜੋ ਸਾਰੇ ਜ਼ਿਲ੍ਹਿਆਂ ਨਾਲੋਂ ਘੱਟ ਹੈ।

ਵਿਸ਼ਾ ਵਾਰ ਨਤੀਜਾ

ਅੱਠਵੀਂ ਦੇ ਵਿਸ਼ੇ ਵਾਰ ਨਤੀਜੇ ਅਨੁਸਾਰ ਪੰਜਾਬੀ ਪਹਿਲੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.83 ਫ਼ੀਸਦ ਤੇ ਪੰਜਾਬੀ ਦੂਜੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ ਵੀ 99.83 ਫ਼ੀਸਦ ਰਹੀ ਹੈ। ਹਿੰਦੀ ਪਹਿਲੀ ਭਾਸ਼ਾ ਦੀ ਪਾਸ ਪ੍ਰਤੀਸ਼ਤਤਾ 99.33 ਫ਼ੀਸਦ, ਹਿੰਦੀ ਦੂਜੀ ਭਾਸ਼ਾ ਦੀ 99.12 ਫ਼ੀਸਦ, ਉਰਦੂ ਪਹਿਲੀ ਭਾਸ਼ਾ ਦੀ 100 ਫ਼ੀਸਦ, ਉਰਦੂ ਦੂਜੀ ਭਾਸ਼ਾ ਦੀ 99.78 ਫ਼ੀਸਦ, ਅੰਗਰੇਜ਼ੀ ਭਾਸ਼ਾ ਦੀ 98.28 ਫ਼ੀਸਦ, ਗਣਿਤ ਦੀ 99 ਫ਼ੀਸਦ, ਵਿਗਿਆਨ 99.49 ਫ਼ੀਸਦ, ਸਮਾਜਿਕ ਸਿੱਖਿਆ 99.63 ਫ਼ੀਸਦ, ਕੰਪਿਊਟਰ ਸਾਇੰਸ 99.79 ਫ਼ੀਸਦ ਅਤੇ ਸਿਹਤ ਤੇ ਸਰੀਰਕ ਸਿੱਖਿਆ ਦੀ 99.78 ਫ਼ੀਸਦ ਜਦਕਿ ਸੰਸਕ੍ਰਿਤ ਦੀ ਪਾਸ ਪ੍ਰਤੀਸ਼ਤਤਾ 99.78 ਰਹੀ ਹੈ।

Share: