ਵਾਸ਼ਿੰਗਟਨ: ਡੋਨਲਡ ਟਰੰਪ ਬੇਸ਼ੱਕ ਡੈਮੋਕਰੈਟਾਂ, ਨਾਰਾਜ਼ ਰਿਪਬਲਿਕਨਾਂ, ਕਾਮੇਡੀਅਨਾਂ ਅਤੇ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਸਮੇਤ ਹਰ ਕਿਸੇ ਦੇ ਆਲੋਚਕ ਹਨ, ਫਿਰ ਵੀ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਸਭ ਤੋਂ ਪ੍ਰਭਾਵਸ਼ਾਲੀ ਅਮਰੀਕੀ ਆਲੋਚਕ ਦੇਸ਼ ਵਿੱਚ ਨਹੀਂ ਬਲਕਿ ਵੈਟੀਕਨ ਵਿੱਚ ਰਹਿੰਦਾ ਹੈ।
ਪਹਿਲੇ ਅਮਰੀਕੀ ਪੋਪ ਨੇ ਇਰਾਨ ਵਿੱਚ ਜੰਗ ਦੇ ਮੁੱਦੇ ਉੱਤੇ ਸਿੱਧੇ ਤੌਰ ’ਤੇ ਅਮਰੀਕੀ ਰਾਸ਼ਟਰਪਤੀ ’ਤੇ ਹਮਲਾ ਕੀਤਾ ਹੈ। ਇਹ ਐਲਾਨ ਪੋਪ ਲਿਓ 14ਵੇਂ ਦੇ ਟਰੰਪ ਦੀ ਜੰਗਬਾਜ਼ੀ ਨੂੰ ‘ਸੱਚਮੁੱਚ ਸਵੀਕਾਰ ਨਾ ਕਰਨਯੋਗ’ ਕਰਾਰ ਦਿੱਤੇ ਜਾਣ ਤੋਂ ਬਾਅਦ ਆਇਆ ਹੈ। ਕੈਥੋਲਿਕ ਚਰਚ ਦੇ ਮਾਹਿਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲਿਓ ਦਾ ਜੰਗ ਦਾ ਵਿਰੋਧ ਚਰਚ ਦੀਆਂ ਸਥਾਪਤ ਸਿੱਖਿਆਵਾਂ ਨੂੰ ਦਰਸਾਉਂਦਾ ਹੈ, ਨਾ ਕਿ ਮੌਜੂਦਾ ਰਾਜਨੀਤੀ ਦੀ ਪ੍ਰਤੀਕਿਰਿਆ ਨੂੰ। ਇਹ ਬਹੁਤ ਲੰਬੀ ਰਵਾਇਤ ਹੈ ਜੋ ਪਵਿੱਤਰ ਗ੍ਰੰਥਾਂ, ਧਰਮ ਸ਼ਾਸਤਰਾਂ ਅਤੇ ਫਲਸਫੇ ਨਾਲ ਜੁੜੀ ਹੋਈ ਹੈ। ਅਮਰੀਕੀ ਪ੍ਰਸ਼ਾਸਨ ਨੇ ਇਰਾਨ ਨਾਲ ਟਰੰਪ ਦੀ ਜੰਗ ਲਈ ਰੱਬੀ ਹਮਾਇਤ ਦਾ ਦਾਅਵਾ ਕੀਤਾ ਹੈ। ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਸੋਚਦੇ ਹਨ ਕਿ ਪਰਮਾਤਮਾ ਨੇ ਜੰਗ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਉਨ੍ਹਾਂ ਕਿਹਾ, ‘‘ਮੈਂ ਮੰਨਦਾ ਹਾਂ ਕਿਉਂਕਿ ਪਰਮਾਤਮਾ ਚੰਗਾ ਹੈ ਅਤੇ ਪਰਮਾਤਮਾ ਚਾਹੁੰਦਾ ਹੈ ਕਿ ਲੋਕਾਂ ਦਾ ਭਲਾ ਕੀਤਾ ਜਾਵੇ।’’ ਉੱਧਰ, ਪੋਪ ਲਿਓ ਨੇ ਆਪਣੇ ‘ਪਾਮ ਸੰਡੇ’ ਸੰਦੇਸ਼ ਵਿੱਚ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਪਰਮਾਤਮਾ ‘ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਜੋ ਜੰਗ ਲੜਦੇ ਹਨ।’ ਇੱਕ ਹੋਰ ਵੀ ਸਖ਼ਤ ਆਲੋਚਨਾ ਉਦੋਂ ਆਈ ਜਦੋਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ‘ਅੱਜ ਰਾਤ ਪੂਰੀ ਸੱਭਿਅਤਾ ਮਰ ਜਾਵੇਗੀ।’ ਲਿਓ ਨੇ ਇਸ ਨੂੰ ‘ਇਰਾਨ ਦੇ ਪੂਰੇ ਲੋਕਾਂ ਵਿਰੁੱਧ ਖ਼ਤਰਾ’ ਦੱਸਿਆ ਅਤੇ ਕਿਹਾ ਕਿ ਇਹ ‘ਸੱਚਮੁੱਚ ਨਾ ਸਵੀਕਾਰਨਯੋਗ’ ਹੈ।

