Earthquake at Maharashtra: ਹਿੰਗੋਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ

Earthquake at Maharashtra: ਹਿੰਗੋਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ

ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਪੈਂਦੇ ਹਿੰਗੋਲੀ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.7 ਮਾਪੀ ਗਈ ਹੈ। ਭੂਚਾਲ ਦੇ ਇਹ ਝਟਕੇ ਗੁਆਂਢੀ ਜ਼ਿਲ੍ਹਿਆਂ ਨਾਂਦੇੜ ਅਤੇ ਪਰਭਣੀ ਵਿੱਚ ਵੀ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ। ਹਿੰਗੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਗੁਪਤਾ ਨੇ ਦੱਸਿਆ ਕਿ ਹਾਲਾਂਕਿ ਇਸ ਕੁਦਰਤੀ ਆਫ਼ਤ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਪਾਂਗਰਾ ਸ਼ਿੰਦੇ ਪਿੰਡ ਵਿੱਚ ਕਈ ਘਰਾਂ ਅਤੇ ਕਮਿਊਨਿਟੀ ਹਾਲਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਪ੍ਰਸ਼ਾਸਨਿਕ ਟੀਮਾਂ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਭੇਜ ਦਿੱਤੀਆਂ ਗਈਆਂ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਭੂਚਾਲ ਸਵੇਰੇ 8:45 ਵਜੇ ਆਇਆ। ਇਸ ਦਾ ਕੇਂਦਰ ਹਿੰਗੋਲੀ ਜ਼ਿਲ੍ਹੇ ਦੀ ਵਸਮਤ ਤਹਿਸੀਲ ਦੇ ਪਿੰਡ ਸ਼ਿਰਲੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਨਾਂਦੇੜ ਸ਼ਹਿਰ ਸਮੇਤ ਅਰਧਾਪੁਰ, ਹਦਗਾਂਵ ਅਤੇ ਹਿਮਾਇਤਨਗਰ ਵਰਗੇ ਦਿਹਾਤੀ ਇਲਾਕਿਆਂ ਵਿੱਚ ਵੀ ਧਰਤੀ ਕੰਬਣ ਦੀਆਂ ਖ਼ਬਰਾਂ ਹਨ।

Share: