ਲਿਖਤੀ ਪ੍ਰੀਖਿਆ: ਬੇੜਾ ਤਾਰਨ ਗਏ, ਖ਼ੁਦ ਹੀ ਡੁੱਬੇ

ਲਿਖਤੀ ਪ੍ਰੀਖਿਆ: ਬੇੜਾ ਤਾਰਨ ਗਏ, ਖ਼ੁਦ ਹੀ ਡੁੱਬੇ

ਚੰਡੀਗਡ਼੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅਜਿਹੇ ਸ਼ੱਕੀ ‘ਮਾਸਟਰ’ ਫੜੇ ਹਨ ਜਿਨ੍ਹਾਂ ਦੀ ਦੂਜਿਆਂ ਦੀ ਲਿਖਤੀ ਪ੍ਰੀਖਿਆ ਦੇਣ ’ਚ ਮਾਸਟਰੀ ਸੀ। ਗੁਰੂ ਨਾਨਕ ਦੇਵ ’ਵਰਸਿਟੀ ਨੇ ਅੱਜ ਪੰਜਾਬ ਭਰ ’ਚ ਸੇਵਾਦਾਰਾਂ ਦੀ ਆਸਾਮੀ ਲਈ ਲਿਖਤੀ ਪ੍ਰੀਖਿਆ ਲਈ ਜਿਸ ’ਚ 77,353 ਪ੍ਰੀਖਿਆਰਥੀ ਬੈਠੇ। ਕਰੀਬ ਸਵਾ ਤਿੰਨ ਸੌ ਪ੍ਰੀਖਿਆ ਕੇਂਦਰਾਂ ’ਚ ਅੱਜ ਇਹ ਪ੍ਰੀਖਿਆ ਹੋਈ। ਏ ਆਈ ਦੀ ਮਦਦ ਨਾਲ ਪੰਜ ਫਰਜ਼ੀ ਪ੍ਰੀਖਿਆਰਥੀ ਕਾਬੂ ਕੀਤੇ ਗਏ ਹਨ। ਫਰਜ਼ੀ ਪ੍ਰੀਖਿਆਰਥੀ ਪੁਲੀਸ ਹਵਾਲੇ ਕੀਤੇ ਗਏ ਹਨ।

ਗੁਰੂ ਨਾਨਕ ਦੇਵ ’ਵਰਸਿਟੀ ਅੰਮ੍ਰਿਤਸਰ ਨੇ ਜਦੋਂ ਬਾਇਓਮੈਟ੍ਰਿਕਸ ਕੀਤੀ ਗਈ ਤਾਂ ਇਨ੍ਹਾਂ ਨਕਲੀ ਪ੍ਰੀਖਿਆਰਥੀਆਂ ਦੀ ਪਛਾਣ ਹੋਈ। ਫ਼ਰੀਦਕੋਟ ਦੇ ਪ੍ਰੀਖਿਆ ਕੇਂਦਰ ’ਚ ਮੰਗਲ ਸਿੰਘ ਅਤੇ ਦਵਿੰਦਰ ਸਿੰਘ ਦੀ ਥਾਂ ’ਤੇ ਕੋਈ ਹੋਰ ਪ੍ਰੀਖਿਆਰਥੀ ਬੈਠੇ ਸਨ। ਅਬਜ਼ਰਵਰ ਅਨਮੋਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪ੍ਰੀਖਿਆਰਥੀਆਂ ਦੀਆਂ ਤਸਵੀਰਾਂ ਅਤੇ ਆਧਾਰ ਕਾਰਡਾਂ ’ਚ ਗੜਬੜ ਕੀਤੀ ਹੋਈ ਸੀ। ਡੀ ਐੱਸ ਪੀ ਫ਼ਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਪ੍ਰੀਖਿਆ ਦੇਣ ਵਾਲਾ ਨਕਲੀ ਪ੍ਰੀਖਿਆਰਥੀ ਖ਼ੁਦ ਵੀ ਮਾਸਟਰ ਲੱਗਾ ਹੋਇਆ ਹੈ। ਫ਼ਿਰੋਜ਼ਪੁਰ ਦੇ ਪ੍ਰੀਖਿਆ ਕੇਂਦਰ ’ਚ ਸੁਖਪਾਲ ਸਿੰਘ ਅਤੇ ਵਰਿੰਦਰ ਕੁਮਾਰ ਦੀ ਥਾਂ ’ਤੇ ਕੋਈ ਹੋਰ ਵਿਅਕਤੀ ਪ੍ਰੀਖਿਆ ਦਿੰਦੇ ਫੜੇ ਗਏ ਹਨ। ਇੱਕ ਹੋਰ ਪ੍ਰੀਖਿਆਰਥੀ ਰਣਜੀਤ ਸਿੰਘ ਦੀ ਥਾਂ ’ਤੇ ਵੀ ਪ੍ਰੀਖਿਆ ਦੇਣ ਵਾਲਾ ਸ਼ੱਕੀ ਫੜਿਆ ਗਿਆ ਹੈ। ਗੁਰੂ ਨਾਨਕ ਦੇਵ ’ਵਰਸਿਟੀ ਨੇ 15 ਮਾਰਚ ਨੂੰ ਪੰਜਾਬ ਸਟੇਟ ਅਧਿਆਪਕ ਯੋਗਤਾ ਟੈਸਟ ਲਿਆ ਸੀ ਅਤੇ ਉਹ ਲਿਖਤੀ ਪ੍ਰੀਖਿਆ ਮੰਗਲ ਸਿੰਘ ਅਤੇ ਦਵਿੰਦਰ ਸਿੰਘ ਨੇ ਵੀ ਦਿੱਤੀ ਹੋਈ ਸੀ ਜਿਨ੍ਹਾਂ ਦੀ ਥਾਂ ’ਤੇ ਦੋ ਸ਼ੱਕੀ ਫ਼ਰੀਦਕੋਟ ’ਚ ਪ੍ਰੀਖਿਆ ’ਚ ਬੈਠੇ ਸਨ। ਫੜੇ ਗਏ ਦੋ ਸ਼ੱਕੀ ਪ੍ਰੀਖਿਆਰਥੀਆਂ ਨੇ ਖ਼ੁਦ ਵੀ ਅਧਿਆਪਕ ਯੋਗਤਾ ਟੈਸਟ 15 ਮਾਰਚ ਨੂੰ ਦਿੱਤਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਨੇ 17 ਨਵੰਬਰ 2025 ਨੂੰ ਗਰੁੱਪ ‘ਡੀ’ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਜਿਨ੍ਹਾਂ ਵਾਸਤੇ 1.25 ਲੱਖ ਉਮੀਦਵਾਰਾਂ ਨੇ ਅਪਲਾਈ ਕੀਤੀ ਸੀ। ਅੱਜ 62.09 ਫ਼ੀਸਦ ਉਮੀਦਵਾਰਾਂ ਨੇ ਹੀ ਲਿਖਤੀ ਪ੍ਰੀਖਿਆ ਦਿੱਤੀ। ਗੁਰੂ ਨਾਨਕ ਦੇਵ ’ਵਰਸਿਟੀ ਨੇ ਹਰ ਪ੍ਰੀਖਿਆ ਲਈ ਬਾਇਓਮੈਟ੍ਰਿਕਸ ਲਾਜ਼ਮੀ ਕੀਤੀ ਹੋਈ ਹੈ। ਅੱਜ ਏ ਆਈ ਦੀ ਮਦਦ ਨਾਲ ਪੜਤਾਲ ਮਗਰੋਂ ਉਪਰੋਕਤ ਪੰਜ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਦੀ ਪੁਲੀਸ ਜਾਂਚ ਕਰ ਰਹੀ ਹੈ।

Share: