ਵਾਸ਼ਿੰਗਟਨ: ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ ਐੱਸ ਸੀ ਆਈ ਐੱਸ) ਨੇ ਕਿਹਾ ਹੈ ਕਿ ਉਸ ਨੇ ਵਿੱਤੀ ਵਰ੍ਹੇ 2027 ਲਈ 85,000 ਐੱਚ-1ਬੀ ਕੈਪ ਲਾਭਪਾਤਰੀਆਂ ਦਾ ਸਾਲਾਨਾ ਕੋਟਾ ਪੂਰਾ ਕਰ ਲਿਆ ਹੈ ਅਤੇ ਨਿਯਮਤ ਤੇ ਐਡਵਾਂਸ-ਡਿਗਰੀ ਚੋਣ ਲਾਟਰੀਆਂ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਏਜੰਸੀ ਨੇ ਉਨ੍ਹਾਂ ਸਾਰੇ ਸੰਭਾਵੀ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਦੇ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਹੈ। ਹੁਣ ਉਹ ਚੁਣੇ ਗਏ ਲਾਭਪਾਤਰੀਆਂ ਲਈ ਐੱਚ-1ਬੀ ਕੈਪ-ਸਬਜੈਕਟ ਪਟੀਸ਼ਨ ਦਾਇਰ ਕਰਨ ਦੇ ਯੋਗ ਹਨ। ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਮੁੱਖ ਤੌਰ ’ਤੇ ਅਮਰੀਕੀ ਟੈਕਨੋਲੋਜੀ ਕੰਪਨੀਆਂ ਵੱਲੋਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਕੀਤੀ ਜਾਂਦੀ ਹੈ। ਭਾਰਤੀ ਪੇਸ਼ੇਵਰ ਜਿਨ੍ਹਾਂ ਵਿੱਚ ਟੈਕਨੋਲੋਜੀ ਮਾਹਿਰ ਅਤੇ ਡਾਕਟਰ ਸ਼ਾਮਲ ਹਨ, ਐੱਚ-1ਬੀ ਵੀਜ਼ਾ ਧਾਰਕਾਂ ਦੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਹਨ। ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਯੂ ਐੱਸ ਸੀ ਆਈ ਐੱਸ ਨੇ ਕਿਹਾ, ‘‘ਵਿੱਤੀ ਵਰ੍ਹੇ 2027 ਲਈ ਐੱਚ-1ਬੀ ਕੈਪ-ਸਬਜੈਕਟ ਪਟੀਸ਼ਨਾਂ ਜਿਨ੍ਹਾਂ ਵਿੱਚ ਐਡਵਾਂਸ ਡਿਗਰੀ ਛੋਟ ਲਈ ਯੋਗ ਪਟੀਸ਼ਨਾਂ ਵੀ ਸ਼ਾਮਲ ਹਨ, ਪਹਿਲੀ ਅਪਰੈਲ 2026 ਤੋਂ ਯੂ ਐੱਸ ਸੀ ਆਈ ਐੱਸ ਕੋਲ ਦਾਇਰ ਕੀਤੀਆਂ ਜਾ ਸਕਦੀਆਂ ਹਨ, ਬਸ਼ਰਤੇ ਉਹ ਕਿਸੇ ਚੁਣੇ ਹੋਏ ਲਾਭਪਾਤਰੀ ਲਈ ਹੋਣ ਅਤੇ ਵਾਜਿਬ ਰਜਿਸਟਰੇਸ਼ਨ ’ਤੇ ਆਧਾਰਿਤ ਹੋਣ।’’ ਇਸ ਵਿੱਚ ਕਿਹਾ ਗਿਆ ਹੈ ਕਿ ਐੱਚ-1ਬੀ ਕੈਪ-ਸਬਜੈਕਟ ਪਟੀਸ਼ਨ ਦਾਇਰ ਕਰਨ ਦੀ ਮਿਆਦ ਘੱਟੋ-ਘੱਟ 90 ਦਿਨ ਦੀ ਹੋਵੇਗੀ।
Posted inUnited States
ਸਾਲ 2027 ਲਈ ਐੱਚ-1ਬੀ ਕੈਪ ਚੋਣ ਪ੍ਰਕਿਰਿਆ ਮੁਕੰਮਲ

