ਘੁਸਪੈਠੀਆਂ ਦੀ ਰੱਖਿਆ ਲਈ ਕਾਨੂੰਨ ਲਿਆਏਗੀ ਕਾਂਗਰਸ: ਮੋਦੀ

ਘੁਸਪੈਠੀਆਂ ਦੀ ਰੱਖਿਆ ਲਈ ਕਾਨੂੰਨ ਲਿਆਏਗੀ ਕਾਂਗਰਸ: ਮੋਦੀ

ਗੋਗਾਮੁਖ/ਬਿਹਾਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਜੇਕਰ ਕਾਂਗਰਸ ਅਸਾਮ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਹ ਘੁਸਪੈਠੀਆਂ ਦੀ ਸੁਰੱਖਿਆ ਲਈ ਕਾਨੂੰਨ ਲਿਆਏਗੀ ਪਰ ਭਾਜਪਾ ਅਤੇ ਉਸ ਦੇ ਸਹਿਯੋਗੀ ਕਦੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

ਧੇਮਾਜੀ ਜ਼ਿਲ੍ਹੇ ਦੇ ਗੋਗਾਮੁਖ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਦਾ ਉਦੇਸ਼ ਬਹੁ-ਗਿਣਤੀ ਭਾਈਚਾਰੇ ਨੂੰ ਘੱਟਗਿਣਤੀ ਵਿੱਚ ਬਦਲਣਾ ਅਤੇ ਘੁਸਪੈਠੀਆਂ ਦਾ ਸਥਾਈ ਵੋਟ ਬੈਂਕ ਬਣਾਉਣਾ ਹੈ। 2014 ਵਿੱਚ ਭਾਜਪਾ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਕੇਂਦਰ ਵਿੱਚ ਕਾਨੂੰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਐੱਨ ਡੀ ਏ ਨੇ ਉਸ ਦਾ ਵਿਰੋਧ ਕੀਤਾ ਸੀ। ਕਾਂਗਰਸੀ ਆਗੂ ਖੁੱਲ੍ਹੇਆਮ ਕਹਿ ਰਹੇ ਹਨ ਕਿ ਉਹ ਘੁਸਪੈਠੀਆਂ ਦੀ ਰੱਖਿਆ ਲਈ ਅਸਾਮ ਵਿੱਚ ਨਵਾਂ ਕਾਨੂੰਨ ਲਿਆਉਣਗੇ ਅਤੇ ਖੁੱਲ੍ਹੇਆਮ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਉਨ੍ਹਾਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ, ਜਿਵੇਂ ਮੁਸਲਿਮ ਲੀਗ ਨੇ ਵੰਡ ਵੇਲੇ ਕੀਤਾ ਸੀ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਤਿਆਰ ਕੀਤੇ ਸੰਵਿਧਾਨ ਦੀ ਪਿੱਠ ਵਿੱਚ ਵੀ ਛੁਰਾ ਮਾਰਿਆ ਹੈ। ਕਾਂਗਰਸ ਲਈ ਦੋ ਹੀ ਪਰਿਵਾਰ ਹਨ, ਇੱਕ ਦਿੱਲੀ ਵਿੱਚ ਅਤੇ ਦੂਜਾ ਅਸਾਮ ਵਿੱਚ। ਉਨ੍ਹਾਂ ਦੀ ਤਰਜੀਹ ਆਪਣੇ ਪਰਿਵਾਰਾਂ ਦੇ ਹਿੱਤ ਹਨ, ਨਾ ਕਿ ਲੋਕਾਂ ਦੇ।’’ ਉਨ੍ਹਾਂ ਦਾ ਇਸ਼ਾਰਾ ਗਾਂਧੀ ਪਰਿਵਾਰ ਅਤੇ ਸੂਬਾ ਕਾਂਗਰਸ ਪ੍ਰਧਾਨ ਗੌਰਵ ਗੋਗੋਈ ਦੇ ਪਰਿਵਾਰ ਵੱਲ ਸੀ। ਬਿਸਵਾਨਾਥ ਜ਼ਿਲ੍ਹੇ ਦੇ ਬਿਹਾਲੀ ਵਿੱਚ ਰੈਲੀ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਅਸਾਮ ਦੇ ਸਰੋਤਾਂ ਨਾਲ ਇਨਸਾਫ਼ ਨਹੀਂ ਕੀਤਾ, ਜਦਕਿ ਭਾਜਪਾ ਸੂਬੇ ਦੀਆਂ ਸੰਪਤੀਆਂ ਦੀ ਵਰਤੋਂ ਇਸ ਦੇ ਵਿਕਾਸ ਲਈ ਕਰ ਰਹੀ ਹੈ।’’

Share: