ਵਾਸ਼ਿੰਗਟਨ/ਦੁਬਈ: ਅਮਰੀਕਾ ਦੇ ਡੋਨਲਡ ਟਰੰਪ ਨੇ ਇਰਾਨ ਨਾਲ ਜੰਗ ’ਚ ਮਦਦ ਨਾ ਕਰਨ ਵਾਲੇ ਭਾਈਵਾਲ ਮੁਲਕਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਦਿਆਂ ਕਿਹਾ ਕਿ ਉਹ ਆਪਣੇ ਲਈ ਤੇਲ (ਈਂਧਣ) ਦਾ ਪ੍ਰਬੰਧ ਖ਼ੁਦ ਕਰਨ। ਇਸੇ ਦੌਰਾਨ ਅਮਰੀਕਾ-ਇਰਾਨ ਸੰਘਰਸ਼ ਦਰਮਿਆਨ ਅੱਜ ਤੜਕੇ ਅਮਰੀਕੀ ਹਮਲੇ ’ਚ ਇਰਾਨ ਦੇ ਇਸਫਹਾਨ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਹਿਰਾਨ ਨੇ ਜਵਾਬੀ ਕਾਰਵਾਈ ’ਚ ਦੁਬਈ ਤੱਟ ਨੇੜੇ ਕੁਵੈਤੀ ਟੈਂਕਰ ’ਤੇ ਹਮਲਾ ਕੀਤਾ। ਇਨ੍ਹਾਂ ਘਟਨਾਵਾਂ ਨੇ ਖੇਤਰੀ ਤਣਾਅ ਤੇ ਆਲਮੀ ਊਰਜਾ ਬਾਜ਼ਾਰਾਂ ’ਚ ਬੇਯਕੀਨੀ ਹੋਰ ਵਧਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਦੇਸ਼ ਆਪਣੇ ਲਈ ਤੇਲ ਖੁਦ ਹਾਸਲ ਕਰਨ ਕਿਉਂਕਿ ਇਰਾਨ ਨੇ ਹਰਮੁਜ਼ ਜਲ ਮਾਰਗ ’ਤੇ ਆਪਣੀ ਜਕੜ ਬਣਾਈ ਹੋਈ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਸਹਿਯੋਗੀ ਦੇਸ਼ਾਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਜੋ ਇਸ ਅਹਿਮ ਸਮੁੰਦਰੀ ਲਾਂਘੇ ਨੂੰ ਮੁੜ ਖੁਲ੍ਹਵਾਉਣ ਵਿੱਚ ਅਮਰੀਕਾ ਦੀ ਮਦਦ ਕਰਨ ਦੇ ਇੱਛੁਕ ਨਹੀਂ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਤੇਲ ਖਰੀਦਣਾ ਚਾਹੀਦਾ ਹੈ ਕਿਉਂਕਿ ਅਮਰੀਕਾ ਕੋਲ ਤੇਲ ਦੇ ਕਾਫੀ ਭੰਡਾਰ ਹਨ। ਟਰੰਪ ਨੇ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ, ਜਿਸ ਵਿੱਚ ਦੇਸ਼ ਦੇ ਡੀਸੈਲੀਨੇਸ਼ਨ ਪਲਾਂਟ (ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਵਾਲੇ ਪਲਾਂਟ) ਵੀ ਸ਼ਾਮਲ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਅਮਰੀਕਾ ਵਿੱਚ ਪੈਟਰੋਲ ਦੀ ਔਸਤ ਕੀਮਤ 4 ਡਾਲਰ ਪ੍ਰਤੀ ਗੈਲਨ ਤੋਂ ਉੱਪਰ ਪਹੁੰਚ ਗਈ ਹੈ।
ਪ੍ਰਾਪਤ ਰਿਪੋਰਟ ਅਨੁਸਾਰ ਇਸਫਹਾਨ ’ਚ ਹੋਏ ਹਮਲੇ ਮਗਰੋਂ ਕਾਫੀ ਉਚਾਈ ਤੱਕ ਅੱਗ ਫੈਲਦੀ ਦਿਖਾਈ ਦਿੱਤੀ। ਇਹ ਉਹੀ ਖੇਤਰ ਹੈ ਜਿੱਥੇ ਪਿਛਲੇ ਸਾਲ ਜੂਨ ’ਚ ਵੀ ਅਮਰੀਕੀ ਸੈਨਾ ਨੇ ਕਾਰਵਾਈ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਲੇ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜੰਗਬੰਦੀ ਲਈ ਕੂਟਨੀਤਕ ਕੋਸ਼ਿਸ਼ਾਂ ਜਾਰੀ ਹਨ। ਇਸੇ ਦਰਮਿਆਨ ਇਰਾਨ ਨੇ ਖਾੜੀ ਖਿੱਤੇ ’ਤੇ ਹਮਲੇ ਤੇਜ਼ ਕਰਦਿਆਂ ਦੁਬਈ ਜਲ ਖੇਤਰ ’ਚ ਕੁਵੈਤੀ ਤੇਲ ਟੈਂਕਰ ਨੂੰ ਡਰੋਨ ਨਾਲ ਨਿਸ਼ਾਨਾ ਬਣਾਇਆ ਜਿਸ ਨਾਲ ਉਸ ’ਚ ਅੱਗ ਲੱਗ ਗਈ; ਹਾਲਾਂਕਿ ਬਾਅਦ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ’ਚ ਦੁਬਈ ’ਚ ਚਾਰ ਜਣੇ ਜ਼ਖ਼ਮੀ ਵੀ ਹੋਏ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਇਰਾਨ ਸਿਰਫ਼ ਅਮਰੀਕੀ ਬਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਐਕਸ ’ਤੇ ਲਿਖਿਆ ਕਿ ਅਮਰੀਕੀ ਬਲਾਂ ਨੂੰ ਖਿੱਤੇ ’ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਉੱਧਰ, ਖੇਤਰੀ ਤਣਾਅ ਦਰਮਿਆਲ ਬਹਿਰੀਨ ’ਚ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਸਾਊਦੀ ਅਰਬ ਨੇ ਰਾਜਧਾਨੀ ਰਿਆਧ ਵੱਲ ਦਾਗੀਆਂ ਤਿੰਨ ਬੈਲਿਸਟਿਕ ਮਿਜ਼ਾਈਲਾਂ ਹੇਠਾਂ ਸੁੱਟਣ ਦਾ ਦਾਅਵਾ ਕੀਤਾ। ਯੇਰੂਸ਼ਲਮ ’ਚ ਵੀ ਸਾਇਰਨ ਸੁਣੇ ਗਏ ਅਤੇ ਇਜ਼ਰਾਈਲ ਨੇ ਇਰਾਨ ’ਤੇ ਮਿਜ਼ਾਈਲ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਲਿਬਨਾਨ ’ਚ ਜਾਰੀ ਫੌਜੀ ਮੁਹਿੰਮ ਦੌਰਾਨ ਇਜ਼ਰਾਈਲ ਦੇ ਚਾਰ ਸੈਨਿਕਾਂ ਤੇ ਦੋ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੀ ਮੌਤ ਦੀ ਵੀ ਖ਼ਬਰ ਹੈ। ਇਜ਼ਰਾਈਲ ਦੱਖਣੀ ਲਿਬਨਾਨ ਤੋਂ ਹਿਜ਼ਬੁੱਲਾ ਦੇ ਲੜਾਕਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਸਰਹੱਦ ਪਾਰ ਰਾਕੇਟ ਅਤੇ ਡਰੋਨ ਦਾਗੇ ਹਨ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਲੰਮੀ ਚੱਲ ਸਕਦੀ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਕਤਰ ਵਿੱਚ ਅਮਰੀਕੀ ਫੌਜ ਦੇ ਮੁੱਖ ਦਫਤਰ ‘ਅਲ ਉਦੈਦ ਏਅਰ ਬੇਸ’ ’ਤੇ ਇਰਾਨੀ ਹਮਲੇ ਕਾਰਨ ਨੁਕਸਾਨ ਹੋਇਆ ਹੈ। ਅਮਰੀਕਾ ਅਤੇ ਕਤਰ ਨੇ ਹਾਲੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਰਾਨ ਵਿੱਚ ਦਿੱਤੀਆਂ ਜਾ ਰਹੀਆਂ ਫਾਂਸੀਆਂ ਦੀ ਨਿੰਦਾ ਕੀਤੀ ਹੈ ਜਿੱਥੇ ਅੱਜ ਦੋ ਹੋਰ ਸਿਆਸੀ ਵਿਰੋਧੀਆਂ ਨੂੰ ਫਾਂਸੀ ਦਿੱਤੀ ਗਈ। ਇਟਲੀ ਅਤੇ ਫਰਾਂਸ ਦੇ ਰੱਖਿਆ ਮੰਤਰੀਆਂ ਨੇ ਲਿਬਨਾਨ ਵਿੱਚ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ’ਤੇ ਹੋ ਰਹੇ ਹਮਲਿਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਅੱਜ ਕਿਹਾ ਕਿ ਅਮਰੀਕਾ ਨੇ ‘ਆਜ਼ਾਦ ਸੰਸਾਰ’ ਲਈ ਇਰਾਨ ਵਿੱਚ ਜੰਗ ਲੜੀ ਹੈ ਅਤੇ ਉਨ੍ਹਾਂ ਨਾਟੋ ਗੱਠਜੋੜ ਦੀ ਅਹਿਮੀਅਤ ’ਤੇ ਸਵਾਲ ਚੁੱਕੇ ਜੇ ਉਹ ਦੇਸ਼ ਅਮਰੀਕਾ ਨਾਲ ਨਹੀਂ ਖੜ੍ਹਦੇ। ਉਨ੍ਹਾਂ ਪੱਤਰਕਾਰਾਂ ਨੂੰ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਕੀ ਅਮਰੀਕੀ ਫੌਜ ਇਰਾਨ ਵਿਰੁੱਧ ਜ਼ਮੀਨੀ ਫੌਜ ਤਾਇਨਾਤ ਕਰੇਗੀ ਜਾਂ ਨਹੀਂ।
ਇਟਲੀ ਵੱਲੋਂ ਅਮਰੀਕਾ ਨੂੰ ਏਅਰਬੇਸ ਵਰਤਣ ਤੋਂ ਇਨਕਾਰ
ਇਟਲੀ ਨੇ ਮੱਧ ਪੂਰਬੀ ਹਮਲੇ ਨਾਲ ਜੁੜੀ ਮੁਹਿੰਮ ਲਈ ਅਮਰੀਕੀ ਸੈਨਾ ਨੂੰ ਸਿਸਲੀ ਸਥਿਤ ‘ਸਿਗੋਨੇਲਾ ਏਅਰ ਬੇਸ’ ਦੀ ਵਰਤੋਂ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫ਼ੈਸਲਾ ਕੁਝ ਦਿਨ ਪਹਿਲਾਂ ਲਿਆ ਗਿਆ ਸੀ ਕਿਉਂਕਿ ਅਮਰੀਕੀ ਪ੍ਰਸ਼ਾਸਨ ਨੇ ਇਸ ਸਬੰਧੀ ਇਟਲੀ ਨੂੰ ਸਮੇਂ ਸਿਰ ਸੂਚਿਤ ਨਹੀਂ ਕੀਤਾ ਸੀ ਅਤੇ ਇਨ੍ਹਾਂ ਜਹਾਜ਼ਾਂ ਵਿੱਚ ਬੰਬਾਰ ਜਹਾਜ਼ ਵੀ ਸ਼ਾਮਲ ਸਨ ਜੋ ਮੱਧ ਪੂਰਬ ਵੱਲ ਜਾਣ ਤੋਂ ਪਹਿਲਾਂ ਇੱਥੇ ਉਤਰਨਾ ਚਾਹੁੰਦੇ ਸਨ। ਦੋਵਾਂ ਦੇਸ਼ਾਂ ਵਿਚਾਲੇ ਸਮਝੌਤਿਆਂ ਅਨੁਸਾਰ ਇਟਲੀ ਵਿੱਚ ਫੌਜੀ ਅੱਡਿਆਂ ਦੀ ਵਰਤੋਂ ਲਈ ਰੋਮ ਦੀ ਰਸਮੀ ਸਲਾਹ ਤੇ ਮਨਜ਼ੂਰੀ ਲਾਜ਼ਮੀ ਹੈ।

