ਸ੍ਰੀਨਗਰ: ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਇੱਕ ਅਤਿਵਾਦੀ ਮਾਰਿਆ ਗਿਆ ਹੈ। ਮੰਗਲਵਾਰ ਦੇਰ ਰਾਤ ਸ੍ਰੀਨਗਰ ਸਥਿਤ ਫੌਜ ਦੀ ਚਿਨਾਰ ਕੋਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਅਧਾਰ ‘ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਵੱਲੋਂ ਮੱਧ ਕਸ਼ਮੀਰ ਦੇ ਗੰਦਰਬਲ ਦੇ ਅਰਾਹਾਮਾ ਇਲਾਕੇ ਵਿੱਚ ਇੱਕ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਫੌਜ ਅਨੁਸਾਰ ਤਲਾਸ਼ੀ ਦੌਰਾਨ ਚੌਕਸ ਜਵਾਨਾਂ ਨੇ ਸ਼ੱਕੀ ਗਤੀਵਿਧੀ ਦੇਖੀ ਅਤੇ ਚੁਣੌਤੀ ਦਿੱਤੇ ਜਾਣ ‘ਤੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸਦਾ ਫੌਜ ਵੱਲੋਂ ਮੂੰਹਤੋੜ ਜਵਾਬ ਦਿੱਤਾ ਗਿਆ।
ਬੁੱਧਵਾਰ ਸਵੇਰੇ ਫੌਜ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਰੁਕ-ਰੁਕ ਕੇ ਹੋ ਰਹੀ ਗੋਲੀਬਾਰੀ ਦੇ ਵਿਚਕਾਰ ਘੇਰਾਬੰਦੀ ਨੂੰ ਰਣਨੀਤਕ ਤੌਰ ‘ਤੇ ਮੁੜ ਸੰਗਠਿਤ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੱਕ ਅਤਿਵਾਦੀ ਮਾਰਿਆ ਗਿਆ। ਫੌਜ ਨੇ ਪੁਸ਼ਟੀ ਕੀਤੀ ਹੈ ਕਿ ਇਲਾਕੇ ਵਿੱਚ ਅਪਰੇਸ਼ਨ ਅਜੇ ਵੀ ਜਾਰੀ ਹੈ।

