ਸਰਕਾਰੀ ਨੌਕਰੀ ਦੇ ਨਾਂ ’ਤੇ ਲੱਖਾਂ ਦੀ ਠੱਗੀ: ਲਹਿਰਾਗਾਗਾ ਪੁਲੀਸ ਵੱਲੋਂ ਮਾਮਲਾ ਦਰਜ

ਸਰਕਾਰੀ ਨੌਕਰੀ ਦੇ ਨਾਂ ’ਤੇ ਲੱਖਾਂ ਦੀ ਠੱਗੀ: ਲਹਿਰਾਗਾਗਾ ਪੁਲੀਸ ਵੱਲੋਂ ਮਾਮਲਾ ਦਰਜ

ਲਹਿਰਾਗਾਗਾ: ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਨੌਕਰੀਆਂ ਦੇਣ ਦੇ ਦਾਅਵਿਆਂ ਦੇ ਵਿਚਕਾਰ, ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਲਹਿਰਾਗਾਗਾ ਦੇ ਪਿੰਡ ਫਲੇੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾਲ ਸਿੰਘ ਨਾਮੀ ਵਿਅਕਤੀ ਨੇ ਰਾਣਾ ਨਰਿੰਦਰ ਸਿੰਘ (ਵਾਸੀ ਅਮਲੋਹ) ਖ਼ਿਲਾਫ਼ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਫਾਇਰ ਬ੍ਰਿਗੇਡ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ 1 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਪੀੜਤ ਅਨੁਸਾਰ, ਪੈਸੇ ਲੈਣ ਤੋਂ ਬਾਅਦ ਮੁਲਜ਼ਮ ਲਗਾਤਾਰ ਲਾਰੇ-ਲੱਪੇ ਲਾਉਂਦਾ ਰਿਹਾ ਅਤੇ ਨਾ ਤਾਂ ਨੌਕਰੀ ਦਵਾਈ ਅਤੇ ਨਾ ਹੀ ਰਕਮ ਵਾਪਸ ਕੀਤੀ।

ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਮੁਲਜ਼ਮ ਰਾਣਾ ਨਰਿੰਦਰ ਸਿੰਘ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸ਼ਾਤਰ ਦਿਮਾਗ ਵਿਅਕਤੀਆਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਸਰਕਾਰੀ ਨੌਕਰੀਆਂ ਲਈ ਸਿਰਫ਼ ਅਧਿਕਾਰਤ ਭਰਤੀ ਪ੍ਰਕਿਰਿਆਵਾਂ ’ਤੇ ਹੀ ਭਰੋਸਾ ਕਰਨ।

Share: