ਨਵੇਂ ਸੈਕਟਰਾਂ ਲਈ ਜ਼ਮੀਨ ਪ੍ਰਾਪਤੀ ਦਾ ਅਮਲ ਤੇਜ਼

ਚੰਡੀਗਡ਼੍ਹ: ਸੂਬੇ ਦੇ ਇਤਿਹਾਸ ਵਿੱਚ ਸ਼ਹਿਰੀ ਵਿਸਤਾਰ ਮੁਹਿੰਮਾਂ ਵਿੱਚੋਂ ਇੱਕ ਤਹਿਤ ਪੰਜਾਬ ਸਰਕਾਰ ਦਾ ਗ੍ਰੇਟਰ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿੱਚ 11,103 ਏਕੜ ਜ਼ਮੀਨ ਹਾਸਲ ਕਰਨ ਦਾ ਅਮਲ ਤੇਜ਼ੀ ਨਾਲ ਚੱਲ ਰਿਹਾ ਹੈ। ਹਾਸਲ ਵੇਰਵਿਆਂ ਅਨੁਸਾਰ ਇਸ ਵਿਆਪਕ ਯੋਜਨਾ ਵਿੱਚ ਸੱਤ ਨਵੇਂ ਟਾਊਨਸ਼ਿਪ, ਸੱਤ ਨਵੇਂ ਸੈਕਟਰ, ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਐਰੋਟ੍ਰੋਪੋਲਿਸ ਦੇ ਤਿੰਨ ਵੱਡੇ ਨਵੇਂ ਪਾਕੇਟ ਅਤੇ ਮੁਹਾਲੀ ਦੇ ਸੈਕਟਰ 87 ਵਿੱਚ ਚੰਡੀਗੜ੍ਹ ਦੇ ਪ੍ਰਸਿੱਧ ਸੈਕਟਰ 17 ਦੀ ਤਰਜ਼ ’ਤੇ ਬਿਲਕੁਲ ਨਵਾਂ ਕਮਰਸ਼ੀਅਲ ਸਿਟੀ ਸੈਂਟਰ ਬਣਾਉਣਾ ਸ਼ਾਮਲ ਹੈ।

ਜ਼ਮੀਨ ਪ੍ਰਾਪਤੀ ਮੁਹਿੰਮ ਦੇ ਵੇਰਵਿਆਂ ਮੁਤਾਬਕ ਸਰਕਾਰ ਐਰੋਸਿਟੀ ਕਲੱਸਟਰਾਂ ਅਤੇ ਈਕੋ-ਟਾਊਨਸ਼ਿਪਾਂ ਤੋਂ ਲੈ ਕੇ ਨਵੇਂ ਉਦਯੋਗਿਕ ਪਾਰਕਾਂ, ਉੱਚ-ਘਣਤਾ ਵਾਲੇ ਰਿਹਾਇਸ਼ੀ ਖੇਤਰਾਂ ਅਤੇ ਮੁਹਾਲੀ ਤੇ ਨਿਊ ਚੰਡੀਗੜ੍ਹ ਨੂੰ ਜੋੜਨ ਵਾਲੀਆਂ 1,240 ਏਕੜ ਤੋਂ ਵੱਧ ਦੀਆਂ ਮਾਸਟਰ ਪਲਾਨ ਸੜਕਾਂ ਤੱਕ ਸਭ ਕੁਝ ਵਿਕਸਤ ਕਰਨ ਦਾ ਇਰਾਦਾ ਰੱਖਦੀ ਹੈ। ਇਹ ਸਾਰੀ ਪ੍ਰਕਿਰਿਆ ਜ਼ਮੀਨ ਪ੍ਰਾਪਤੀ, ਮੁੜ-ਵਸੇਬਾ ਅਤੇ ਢੁੱਕਵਾਂ ਮੁਆਵਜ਼ਾ ਤੇ ਪਾਰਦਰਸ਼ਤਾ ਦਾ ਅਧਿਕਾਰ ਐਕਟ-2013 ਦੇ ਕਾਨੂੰਨੀ ਢਾਂਚੇ ਤਹਿਤ ਕੀਤੀ ਜਾ ਰਹੀ ਹੈ। ਕਈ ਪ੍ਰਾਜੈਕਟਾਂ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਅੱਗੇ ਵਧ ਚੁੱਕੀ ਹੈ। ਮੁਹਾਲੀ ਵਿੱਚ 1,651 ਏਕੜ ਵਿੱਚ ਫੈਲੇ ਐਰੋਟ੍ਰੋਪੋਲਿਸ ਬਲਾਕ ਏ, ਬੀ, ਸੀ ਤੇ ਡੀ ਅਤੇ ਨਿਊ ਚੰਡੀਗੜ੍ਹ ਵਿੱਚ 716 ਏਕੜ ਦੇ ਈਕੋ ਸਿਟੀ-3 ਲਈ ਮੁਆਵਜ਼ੇ ਦੇ ਐਵਾਰਡ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ ਮੁਆਵਜ਼ੇ ਦੀਆਂ ਦਰਾਂ 19 ਕਰੋੜ ਰੁਪਏ ਪ੍ਰਤੀ ਏਕੜ ਤੋਂ ਵੀ ਵੱਧ ਹਨ। ਸਫਲ ਬੋਲੀਕਾਰਾਂ ਨੂੰ ਸਹਿਮਤੀ ਪੱਤਰ ਜਾਰੀ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਦੇ ਸੈਕਟਰ 17 ਵਰਗਾ ਹੋਵੇਗਾ ਸੈਕਟਰ 87: ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿੱਚ ਚੰਡੀਗੜ੍ਹ ਤੋਂ ਵਧੀਆ ਸੈਕਟਰ ਬਣਾ ਰਹੇ ਹਾਂ। ਆਪਣੇ ਲੋਕਾਂ ਵੱਲੋਂ ਆਪਣੀ ਹੀ ਜ਼ਮੀਨ ’ਤੇ ਬਿਹਤਰੀਨ ਸੈਕਟਰ ਉਸਾਰਿਆ ਜਾ ਰਿਹਾ ਹੈ ਜੋ ਪੰਜਾਬ ਦਾ ਸ਼ਹਿਰੀ ਪੁਨਰ-ਜਾਗਰਨ ਹੈ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਜਦੋਂ ਸੈਕਟਰ 87 ‘ਸੈਕਟਰ 17’ ਵਜੋਂ ਬਣ ਕੇ ਉਭਰੇਗਾ ਤਾਂ ਲੋਕਾਂ ਨੂੰ ਚੰਡੀਗੜ੍ਹ ਵੱਲ ਦੇਖਣ ਦੀ ਲੋੜ ਨਹੀਂ ਪਵੇਗੀ।

Share: