ਦਹੀਂ ਵਿੱਚ ‘ਸੁੰਡੀਆਂ’ ਹੋਣ ਦੇ ਦਾਅਵੇ ਨੂੰ Amul ਨੇ ਨਕਾਰਿਆ; ਕਿਹਾ- ਵਿਗਿਆਨਕ ਤੌਰ ’ਤੇ ਇਹ ਅਸੰਭਵ

ਦਹੀਂ ਵਿੱਚ ‘ਸੁੰਡੀਆਂ’ ਹੋਣ ਦੇ ਦਾਅਵੇ ਨੂੰ Amul ਨੇ ਨਕਾਰਿਆ; ਕਿਹਾ- ਵਿਗਿਆਨਕ ਤੌਰ ’ਤੇ ਇਹ ਅਸੰਭਵ

ਨਵੀਂ ਦਿੱਲੀ: ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਖ਼ਰਾਬ ਦਹੀਂ ਪਰੋਸਣ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਤੋਂ ਬਾਅਦ ਹੁਣ ਡੇਅਰੀ ਦਿੱਗਜ ‘ਅਮੂਲ’ (Amul) ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਦਹੀਂ ਵਿੱਚ ਜਿਊਂਦੀਆਂ ਸੁੰਡੀਆਂ (weevils) ਹੋਣ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਤਪਾਦਨ ਪ੍ਰਕਿਰਿਆ ਵਿੱਚ ਅਜਿਹਾ ਹੋਣਾ ਵਿਗਿਆਨਕ ਅਤੇ ਸੰਚਾਲਨ ਪੱਖੋਂ ਬਿਲਕੁਲ ਅਸੰਭਵ ਹੈ। ਅਮੂਲ ਅਨੁਸਾਰ, ਦਹੀਂ ਦੀ ਤੇਜ਼ਾਬੀ ਪ੍ਰਕਿਰਤੀ ਅਤੇ ਆਕਸੀਜਨ ਦੀ ਕਮੀ ਕਾਰਨ ਅਜਿਹੇ ਕੀੜੇ ਉੱਥੇ ਜਿਊਂਦੇ ਨਹੀਂ ਰਹਿ ਸਕਦੇ।

ਅਮੂਲ ਨੇ ਸਪੱਸ਼ਟ ਕੀਤਾ ਕਿ ਜਿਸ ਬੈਚ ’ਤੇ ਸਵਾਲ ਉੱਠੇ ਹਨ, ਉਹ ਕੰਪਨੀ ਦੇ ਅਧਿਕਾਰਤ ਨੈੱਟਵਰਕ ਰਾਹੀਂ ਰੇਲਵੇ ਨੂੰ ਸਪਲਾਈ ਨਹੀਂ ਕੀਤਾ ਗਿਆ ਸੀ। ਕੰਪਨੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਕੀੜੇ ਸ਼ਾਇਦ ਆਨਬੋਰਡ ਵੈਂਡਰ ਦੁਆਰਾ ਵਰਤੀ ਗਈ ਗੰਦੀ ਸਰਵਿੰਗ ਟਰੇਅ ਵਿੱਚੋਂ ਆਏ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇੱਕ ਯਾਤਰੀ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਰੇਲਵੇ ਨੇ 25 ਮਾਰਚ ਨੂੰ ਵੱਡੀ ਕਾਰਵਾਈ ਕਰਦਿਆਂ IRCTC ’ਤੇ 10 ਲੱਖ ਅਤੇ ਨਿੱਜੀ ਸਰਵਿਸ ਪ੍ਰੋਵਾਈਡਰ ’ਤੇ 50 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਸੀ ਅਤੇ ਵੈਂਡਰ ਦਾ ਠੇਕਾ ਰੱਦ ਕਰਨ ਦੇ ਨਿਰਦੇਸ਼ ਦਿੱਤੇ ਸਨ।

Share: